ਆਸਟ੍ਰੇਲੀਆ ‘ਚ ਘਰ ਖਰੀਦਣਾ ਬਣ ਰਿਹੈ ਚੁਣੌਤੀ ਭਰਿਆ, ਜਾਣੋ ਕਾਰਨ
ਆਸਟ੍ਰੇਲੀਆ ਦੇ ਮੌਜੂਦਾ ਹਾਲਾਤ ਵਿਚ ਘਰਾਂ ਸਬੰਧੀ ਆਈ ਇਕ ਰਿਪੋਰਟ ਘਰ ਖਰੀਦਣ ਦਾ ਸੁਫਨਾ ਵੇਖਣ ਵਾਲਿਆਂ ਦੇ ਚਿਹਰੇ ’ਤੇ ਚਿੰਤਾ ਦੀਆਂ ਲਕੀਰਾਂ ਪੈਦਾ ਕਰ ਰਹੀ ਹੈ।
ਪ੍ਰੌਪਟਰੈਕ ਦੇ ਤਜ਼ਰਬੇਕਾਰ ਅਰਥ ਸ਼ਾਸਤਰੀ ਪੌਲ ਰਿਆਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਲਈ ਘਰ ਦੇ ਮਾਲਕ ਬਣਨ ਦਾ ਸੁਫਨਾ ਇਕ ਅਜਿਹੀ ਰੀਝ ਵਾਂਗਰ ਹੈ ਜੋ ਪੂਰੀ ਨਹੀਂ ਹੁੰਦੀ।
ਪ੍ਰੌਪਟਰੈਕ ਦੀ ਤਾਜ਼ਾ ਰਿਪੋਰਟ ਵਿਚ ਇਹ ਸਾਹਮਣੇ ਆਇਆ ਹੈ ਕਿ 1 ਲੱਖ 5 ਹਜ਼ਾਰ ਡਾਲਰ ਦੀ ਔਸਤਨ ਕਮਾਈ ਕਰਨ ਵਾਲੇ ਪਰਿਵਾਰ ਪਿਛਲੇ ਸਾਲ ਦੇਸ਼ ਭਰ ਵਿਚ ਵੇਚੇ ਗਏ ਸਾਰੇ ਘਰਾਂ ਦਾ ਮਹਿਜ 13 ਫੀਸਦ ਹੀ ਖਰੀਦ ਸਕੇ ਹਨ। ਇਹ 1995 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ।
ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਘੱਟ ਆਮਦਨੀ ਵਾਲੇ ਪਰਿਵਾਰ ਜੋ ਸਾਲਾਨਾ 64 ਹਜ਼ਾਰ ਡਾਲਰ ਕਮਾਉਂਦੇ ਨੇ, ਉਨ੍ਹਾਂ ਵਿਚੋਂ ਸਿਰਫ਼ 3 ਫੀਸਦ ਲੋਕ ਹੀ ਘਰ ਖਰੀਦ ਸਕਦੇ ਹਨ।ਰਿਆਨ ਦਾ ਕਹਿਣਾ ਹੈ ਕਿ ਇਸ ਮਸਲੇ ਦਾ ਹੱਲ ਜਿਆਦਾ ਘਰਾਂ ਦੇ ਨਿਰਮਾਣ ਨਾਲ ਹੀ ਹੋ ਸਕਦਾ ਹੈ।
ਸਿਡਨੀ ਸ਼ਹਿਰ ਵਿੱਚ ਇਕ ਘਰ ਦੀ ਔਸਤ ਕੀਮਤ 10 ਲੱਖ ਡਾਲਰ ਤੋਂ ਵੱਧ ਹੋਣ ਕਾਰਨ ਨਿਊ ਸਾਊਥ ਵੇਲਜ਼ ਸਭ ਤੋਂ ਮਹਿੰਗਾ ਸੂਬਾ ਬਣਿਆ ਹੋਇਆ ਹੈ ਅਤੇ ਇਹ ਹਾਲਾਤ ਪਿਛਲੇ 30 ਸਾਲਾਂ ਤੋਂ ਚੱਲੇ ਆ ਰਹੇ ਨੇ। ਇਸ ਤੋਂ ਬਾਅਦ ਮਹਿੰਗੇ ਘਰਾਂ ਦੀ ਸੂਚੀ ਵਿਚ ਤਸਮਾਨੀਆ ਅਤੇ ਵਿਕਟੋਰੀਆ ਸੂਬੇ ਆਉਂਦੇ ਹਨ ਜਦਕਿ ਵੈਸਟਰਨ ਆਸਟਰੇਲੀਆ ਅਤੇ ਕੁਈਨਜ਼ਲੈਂਡ ਸੂਬਿਆਂ ਵਿਚ ਘਰ ਹਾਸਲ ਕਰਨਾ ਕੋਈ ਔਖਾ ਨਹੀਂ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਕਰਜ਼ਾ ਉਤਾਰਨਾ ਜਿੰਨਾ ਮੁਸ਼ਕਿਲ ਹੋਇਆ ਪਿਆ ਹੈ, ਅਜਿਹੇ ਹਾਲਾਤ ਪਹਿਲਾਂ ਕਦੇ ਵੀ ਨਹੀਂ ਸਨ ਬਣੇ। ਸਾਲ 1989 ਵਿੱਚ ਸਥਿਤੀ ਅੱਜ ਤੋਂ ਪੂਰੀ ਉੇਲਟ ਸੀ। ਮਾਹਰਾਂ ਦੀ ਮੰਨੀਏ ਤਾਂ ਘਰਾਂ ਦੀ ਸਪਲਾਈ ਅਤੇ ਹੋਰ ਸਰਕਾਰੀ ਪਹਿਲੂਆਂ ’ਤੇ ਧਿਆਨ ਦਿੱਤੇ ਬਗੈਰ ਇਹ ਬਿਲਕੁਲ ਵੀ ਸੰਭਵ ਨਹੀਂ ਹੋ ਸਕੇਗਾ ਕਿ ਘਰਾਂ ਦੇ ਨਵੇਂ ਖਰੀਦਦਾਰ ਮਾਰਕਿਟ ਵਿਚ ਆ ਸਕਣਗੇ।
ਜ਼ਿਕਰਯੋਗ ਹੈ ਕਿ ਖੁਲਾਸਾ ਹੋਇਆ ਹੈ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਐਸਾ ਪਹਿਲੀ ਵਾਰ ਹੋਇਆ ਹੈ ਕਿ ਘਰ ਖਰੀਦਣਾ ਵੱਸ ਤੋਂ ਬਾਹਰ ਦੀ ਗੱਲ ਹੋ ਗਈ ਹੈ।