Welcome to Perth Samachar

ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਤੱਕ ਪਹੁੰਚਿਆ ਪੰਜਾਬੀ ਗੱਭਰੂ

2012 ਵਿੱਚ ਭਾਰਤ ਤੋਂ ਮੈਲਬਰਨ ਪਰਵਾਸ ਕਰਨ ਤੋਂ ਬਾਅਦ ਹਰਕੀਰਤ ਸਿੰਘ ਬਾਜਵਾ ਨੇ ਸੱਤ ਸਾਲ ਦੀ ਉਮਰ ਵਿੱਚ ਘਰ ਦੇ ਪਿਛਲੇ ਵਿਹੜੇ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ। ਪਰ ਜਦੋਂ ਉਸਨੂੰ ਅੰਡਰ-12 ਜ਼ਿਲ੍ਹਾ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਤਾਂ ਹਰਕੀਰਤ ਨੇ ਇਸ ਨੂੰ ਇੱਕ ਚੁਣੌਤੀ ਵਜੋਂ ਲਿਆ ਅਤੇ ਸਖਤ ਮਿਹਨਤ ਨਾਲ ਆਪਣੇ ਆਪ ਨੂੰ ਆਸਟ੍ਰੇਲੀਆ ਦੀ ਰਾਸ਼ਟਰੀ ਟੀਮ ਵਿੱਚ ਸ਼ਾਮਲ ਹੋਣ ਦੇ ਕਾਬਿਲ ਬਣਾਇਆ।

ਵਰਤਮਾਨ ਵਿੱਚ ਇੱਕ ਆਫ-ਸਪਿਨ ਗੇਂਦਬਾਜ਼ ਵਜੋਂ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਵਿੱਚ ਖੇਡ ਰਹੇ ਹਰਕੀਰਤ ਨੇ ਆਪਣੇ ਕਰਿਕਟ ਸਫਰ ਦੀ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ, “ਮੈ ਜਦੋਂ ਸੱਤ ਸਾਲ ਦਾ ਸੀ ਤਾਂ ਮੇਰੇ ਚਾਚਾ ਜੀ ਨੇ ਘਰ ਦੇ ਵਿਹੜੇ ਵਿੱਚ ਮੈਨੂੰ ਕ੍ਰਿਕਟ ਦੀ ਇਸ ਸ਼ਾਨਦਾਰ ਖੇਡ ਨਾਲ ਜੋੜਿਆ।”

ਕਿਸੇ ਵੀ ਹੋਰ ਖੇਡ ਵਾਂਗ, ਹਰਕੀਰਤ ਦੇ ਕ੍ਰਿਕਟ ਸਫ਼ਰ ਵਿੱਚ ਵੀ ਕਈ ਉਤਰਾਅ-ਚੜ੍ਹਾਅ ਆਏ। ਇੱਕ ਪੜਾਅ ‘ਤੇ ਉਹ ਬਾਂਹ ਦੇ ਫਰੈਕਚਰ ਕਾਰਨ ਅੰਡਰ-12 ਜ਼ਿਲ੍ਹਾ ਟੀਮ ਤੋਂ ਬਾਹਰ ਹੋ ਗਿਆ ਸੀ। ਹਰਕੀਰਤ ਨੇ ਕਿਹਾ ਕਿ ਉਸਨੇ ਸੱਟ ਅਤੇ ਟੀਮ ਵਿੱਚੋਂ ਬਾਹਰ ਕੀਤੇ ਜਾਣ ਕਾਰਨ ਹੋਏ ਨੁਕਸਾਨ ਨੂੰ ਇੱਕ ਚੁਣੌਤੀ ਵਜੋਂ ਲਿਆ ਅਤੇ ਬਹੁਤ ਸਖਤ ਮਿਹਨਤ ਕੀਤੀ।

ਟੁੱਟੀ ਹੋਈ ਬਾਂਹ ਦੇ ਠੀਕ ਹੋਣ ਤੋਂ ਤੁਰੰਤ ਬਾਅਦ, ਹਰਕੀਰਤ ਨੇ ਆਪਣੀ ਖੇਡ ‘ਤੇ ਹੋਰ ਵੀ ਜਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਅਤੇ ਜਲਦੀ ਹੀ ਇੱਕ ਰਾਜ ਪੱਧਰੀ ਕੋਚ ਨੇ ਇਨ੍ਹਾਂ ਦੀ ਮਹਾਰਤ ਨੂੰ ਪਛਾਣ ਲਿਆ। ਉਸ ਨੇ ਅੱਗੇ ਦੱਸਿਆ ਕਿ,”ਜਦੋਂ ਮੈਨੂੰ ਅੰਡਰ-15 ਟੀਮ ਲਈ ਚੁਣਿਆ ਗਿਆ ਤਾਂ ਮੈਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।”

ਹਾਲਾਂਕਿ, ਉਸਨੇ ਕਿਹਾ ਕਿ ਜਦੋਂ ਉਹ 2020 ਵਿੱਚ ਅੰਡਰ -16 ਟੀਮ ਵਿੱਚ ਖੇਡਣ ਵਾਲਾ ਸੀ ਤਾਂ ਵਿਸ਼ਵਵਿਆਪੀ ਕੋਵਿਡ -19 ਮਹਾਂਮਾਰੀ ਆਉਣ ਦੇ ਨਾਲ ਬਹੁਤ ਸਾਰੇ ਹੋਰਨਾਂ ਖਿਡਾਰੀਆਂ ਵਾਂਗ ਇਸ ਨੂੰ ਵੀ ਆਪਣੀ ਖੇਡ ਤੋਂ ਦੂਰ ਹੋਣਾ ਪਿਆ।

ਪਰ 2022 ਵਿੱਚ ਹਰਕੀਰਤ ਨੂੰ ਵੈਸਟਇੰਡੀਜ਼ ਵਿੱਚ ‘ਅੰਡਰ-17 ਕ੍ਰਿਕਟ ਵਰਲਡ ਕੱਪ’ ਖੇਡਣ ਲਈ ਚੁਣ ਲਿਆ ਗਿਆ। ਹਰਕੀਰਤ ਨੇ ਕਿਹਾ, ”ਆਫ-ਸਪਿਨ ਗੇਂਦਬਾਜ਼ ਹੋਣ ਕਾਰਨ ਮੈਨੂੰ ਮੈਦਾਨ ‘ਤੇ ਬੱਲੇਬਾਜ਼ੀ ਕਰਨ ਲਈ ਜ਼ਿਆਦਾ ਸਮਾਂ ਨਹੀਂ ਮਿਲਦਾ। ਹਾਲਾਂਕਿ, ਮੇਰੀ ਸਰਵੋਤਮ ਗੇਂਦਬਾਜ਼ੀ ਦੀ ਦਰ ਸਿਰਫ ਪੰਜ ਦੌੜਾਂ ਦੇ ਕੇ, ਚਾਰ ਵਿਕਟਾਂ ਲੈਣਾ ਹੈ।”

ਉਸ ਨੇ ਅੱਗੇ ਦੱਸਿਆ ਕਿ ਪੰਜਾਬੀ ਨੌਜਵਾਨ ਹੋਣ ਦੇ ਨਾਤੇ ਮੈਨੂੰ ਮੱਖਣ ਅਤੇ ਰੋਟੀ ਬਹੁਤ ਪਸੰਦ ਹਨ। “ਮੇਰੇ ਮਾਤਾ-ਪਿਤਾ ਨੇ ਨਾ ਸਿਰਫ ਮੇਰੀ ਖੇਡ ‘ਤੇ ਹੀ ਧਿਆਨ ਦਿੱਤਾ, ਸਗੋਂ ਉਨ੍ਹਾਂ ਨੇ ਮੇਰੀ ਖੁਰਾਕ ਦਾ ਵੀ ਖਾਸ ਖਿਆਲ ਰੱਖਿਆ,” ਉਸਨੇ ਕਿਹਾ। ਆਪਣੀ ਪੜ੍ਹਾਈ ਦੇ ਨਾਲ ਕ੍ਰਿਕਟ ਲਈ ਆਪਣੇ ਪਿਆਰ ਨੂੰ ਸੰਤੁਲਿਤ ਕਰਦੇ ਹੋਏ, ਹਰਕੀਰਤ ਨੇ ਮੈਲਬੌਰਨ ਦੇ ਇੱਕ ਚੋਣਵੇਂ ਸਕੂਲ ਵਿੱਚ ਪੜ੍ਹਾਈ ਕੀਤੀ।

ਖੇਡ ਦੇ ਨਾਲ ਨਾਲ ਪੜਾਈ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਵਾਲੇ ਹਰਕੀਰਤ ਨੇ ਮੈਲਬਰਨ ਦੇ ਇੱਕ ਸਲੈਕਟਿਵ ਸਕੂਲ ਵਿੱਚ ਪੜਾਈ ਕੀਤੀ। ਨੌਜਵਾਨ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਤੋਂ ਪ੍ਰੇਰਿਤ, ਦਸਤਾਰ (ਪਟਕਾ) ਪਹਿਨਣ ਵਾਲੇ ਸ੍ਰੀ ਬਾਜਵਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਆਸਟਰੇਲਿਆਈ ਪੁਰਸ਼ ਟੀਮ ਵਿੱਚ ਦੇਖਣ ਲਈ ਮਿਹਨਤ ਕਰ ਰਹੇ ਹਨ।
Share this news