Welcome to Perth Samachar

ਆਸਟ੍ਰੇਲੀਆ ਦੇ ਇਨ੍ਹਾਂ ਸਕੂਲਾਂ ‘ਚ ਮੋਬਾਇਲ ਫੋਨਾਂ ਦੀ ਵਰਤੋਂ ਨਹੀਂ ਕਰ ਸਕਣਗੇ ਵਿਦਿਆਰਥੀ

ਨਿਊ ਸਾਊਥ ਵੇਲਸ ਪਬਲਿਕ ਹਾਈ ਸਕੂਲਾਂ ਵਿੱਚ ਮੋਬਾਇਲ ਫ਼ੋਨਾਂ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਜਾ ਚੁੱਕੀ ਹੈ। ਜਿਸ ਮੁਤਾਬਕ ਬੱਚਿਆਂ ਨੂੰ ਕਲਾਸਰੂਮ ਵਿੱਚ ਫ਼ੋਨ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ, ਇਨ੍ਹਾਂ ਹੀ ਨਹੀਂ ਸਗੋਂ ਛੁੱਟੀ ਤੇ ਦੁਪਹਿਰ ਦੇ ਖਾਣੇ ਦੌਰਾਨ ਵੀ ਫ਼ੋਨ ਦੀ ਵਰਤੋਂ ‘ਤੇ ਪਾਬੰਦੀ ਜਾਵੇਗੀ।

ਜਦੋਂ ਪਬਲਿਕ ਸਕੂਲਾਂ ਵਿੱਚ ਟਰਮ 4 ਸ਼ੁਰੂ ਹੋਵੇਗਾ, ਵਿਦਿਆਰਥੀਆਂ ਨੂੰ ਆਪਣੇ ਫ਼ੋਨ ਲਾਕਰ ਵਿੱਚ ਸਟੋਰ ਕਰਨ ਜਾਂ ਉਹਨਾਂ ਨੂੰ ਲਾਕ ਕਰਨ ਯੋਗ ਪਾਊਚ ਵਿੱਚ ਰੱਖਣ ਲਈ ਕਿਹਾ ਜਾਵੇਗਾ। ਵਿਦਿਆਰਥੀ ਸਕੂਲ ਦੇ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੈਂਪਸ ਵਿੱਚ ਆਪਣੇ ਫ਼ੋਨ ਦੀ ਵਰਤੋਂ ਕਰਨ ਦੇ ਯੋਗ ਹੋਣਗੇ।

ਸਰਕਾਰ ਨੇ ਅਪ੍ਰੈਲ 2023 ਵਿੱਚ NSW ਸਕੂਲੀ ਸਾਲ ਦੀ ਟਰਮ 4 ਦੀ ਸ਼ੁਰੂਆਤ ਤੋਂ ਆਉਣ ਵਾਲੇ ਨਵੇਂ ਨਿਯਮ ਦੇ ਨਾਲ ਵਿਆਪਕ ਕਦਮ ਦੀ ਘੋਸ਼ਣਾ ਕੀਤੀ ਸੀ। ਸੂਬੇ ਦੇ ਕੁਝ ਹਾਈ ਸਕੂਲਾਂ ਨੇ ਪਹਿਲਾਂ ਹੀ ਸਕੂਲ ਵਿੱਚ ਮੋਬਾਇਲ ਫ਼ੋਨ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਪ੍ਰੀਮੀਅਰ ਕ੍ਰਿਸ ਮਿਨਸ ਦੇ ਚੋਣ ਵਾਅਦਿਆਂ ਵਿੱਚੋਂ ਇੱਕ ਵਜੋਂ ਪਾਬੰਦੀ ਨੂੰ ਹੁਣ ਸੂਬੇ ਦੇ ਸਾਰੇ ਪਬਲਿਕ ਹਾਈ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ। ਅਪ੍ਰੈਲ ਵਿੱਚ ਕ੍ਰਿਸ ਮਿਨਸ ਨੇ ਕਿਹਾ ਸੀ ਕਿ “ਇਹ ਪਾਬੰਦੀਆਂ ਆਮ ਸਮਝ ਅਤੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਕੇ ਲਾਗੂ ਕੀਤੀਆਂ ਜਾਣਗੀਆਂ, ਇਹ ਯਕੀਨੀ ਬਣਾਉਣ ਲਈ ਕਿ ਇਹ ਬੱਚਿਆਂ ਦੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣਗੀਆਂ।”

NSW ਸਰਕਾਰ ਨੇ ਅਪ੍ਰੈਲ ਵਿੱਚ ਪਾਬੰਦੀ ਨੂੰ ਲਾਗੂ ਕਰਨ ਦੇ ਵਿਕਲਪਾਂ ‘ਤੇ ਸਕੂਲਾਂ ਨਾਲ ਸਲਾਹ ਮਸ਼ਵਰਾ ਕਰਨਾ ਸ਼ੁਰੂ ਕੀਤਾ ਸੀ। ਡਿਪਟੀ ਪ੍ਰੀਮੀਅਰ ਤੇ ਸਿੱਖਿਆ ਅਤੇ ਅਰਲੀ ਲਰਨਿੰਗ ਦੇ ਰਾਜ ਮੰਤਰੀ ਨੇ ਕਿਹਾ ਕਿ ਪਾਬੰਦੀ “ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਕਰੇਗੀ”।

ਦੇਸ਼ ਭਰ ਦੀਆਂ ਸੂਬਾਈ ਸਰਕਾਰਾਂ ਕਲਾਸਰੂਮ ਵਿੱਚ ਫ਼ੋਨ ਨੂੰ ਕੰਟਰੋਲ ਕਰਨ ਲਈ ਆਪਣੇ ਉਪਾਅ ਵਧਾ ਰਹੀਆਂ ਹਨ। ਦੂਜੇ ਪਾਸੇ ਕੁਈਨਜ਼ਲੈਂਡ ਦੇ ਵਿਦਿਆਰਥੀਆਂ ‘ਤੇ ਵੀ ਸਕੂਲ ਵਿੱਚ ਫ਼ੋਨ ਅਤੇ ਸਮਾਰਟਵਾਚ ਦੀ ਵਰਤੋਂ ਕਰਨ ‘ਤੇ ਪਾਬੰਦੀ ਲਗਾਈ ਜਾਵੇਗੀ, ਜਿਸ ਵਿੱਚ ਛੁੱਟੀ ਦਾ ਸਮਾਂ ਵੀ ਸ਼ਾਮਲ ਹੈ। ਤਬਦੀਲੀ 2024 ਵਿੱਚ ਟਰਮ 1 ਦੇ ਪਹਿਲੇ ਦਿਨ ਲਾਗੂ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਦੱਖਣੀ ਆਸਟ੍ਰੇਲੀਆ ਦੇ ਪਬਲਿਕ ਸਕੂਲਾਂ ਨੇ ਸਾਲ ਦੀ ਸ਼ੁਰੂਆਤ ਤੋਂ ਮੋਬਾਇਲ ਫ਼ੋਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ ਜਦਕਿ 44 ਸਰਕਾਰੀ ਸਕੂਲਾਂ ਵਿੱਚ ਪਾਬੰਦੀ ਪਹਿਲਾ ਤੋਂ ਹੀ ਲਾਗੂ ਹੈ। ਦੱਖਣੀ ਆਸਟ੍ਰੇਲੀਆਈ ਪ੍ਰੀਮੀਅਰ ਪੀਟਰ ਮਲੀਨੌਸਕਾਸ ਨੇ ਪਾਬੰਦੀ “ਬਹੁਤ ਜ਼ਿਆਦਾ ਸਫਲ” ਦੱਸਿਆ ਹੈ।

Share this news