Welcome to Perth Samachar

ਕੁਈਨਜ਼ਲੈਂਡ ‘ਚ ਤੂਫਾਨ ਨੇ ਮਚਾਈ ਤਬਾਹੀ, ਪ੍ਰਧਾਨ ਮੰਤਰੀ ਨੇ ਕੀਤਾ ਫੰਡ ਦਾ ਐਲਾਨ

ਕੁਈਨਜ਼ਲੈਂਡ ਸੂਬੇ ਵਿਚ ਆਏ ਭਿਆਨਕ ਹੜ੍ਹ ਪਿੱਛੋਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਹਾਇਤਾ ਲਈ ਫੰਡ ਦਾ ਐਲਾਨ ਕੀਤਾ। ਇਸ ਹਫ਼ਤੇ ਦੇ ਵਿਨਾਸ਼ਕਾਰੀ ਹੜ੍ਹ ਤੋਂ ਬਾਅਦ ਮੁੜ ਨਿਰਮਾਣ ਵਿੱਚ ਸਹਾਇਤਾ ਲਈ ਉੱਤਰੀ ਕੁਈਨਜ਼ਲੈਂਡ ਦੇ ਨਿਵਾਸੀਆਂ ਨੂੰ 50 ਮਿਲੀਅਨ ਡਾਲਰ ਤੋਂ ਵੱਧ ਸਰਕਾਰੀ ਫੰਡ ਪ੍ਰਾਪਤ ਹੋਣਗੇ।

ਅਲਬਾਨੀਜ਼ ਮੁਤਾਬਕ ਫੈਡਰਲ ਸਰਕਾਰ ਦਾ “ਮਹੱਤਵਪੂਰਨ ਵਾਧੂ ਸਹਾਇਤਾ ਪੈਕੇਜ” ਆਫ਼ਤ ਰਿਕਵਰੀ ਲਈ ਹੋਵੇਗਾ, ਜਿਸ ‘ਚ ਪ੍ਰਾਇਮਰੀ ਉਤਪਾਦਕਾਂ ਲਈ 25 ਮਿਲੀਅਨ ਡਾਲਰ ਅਤੇ ਛੋਟੇ ਕਾਰੋਬਾਰਾਂ ਤੇ ਗੈਰ ਲਾਭਕਾਰੀ ਸੰਸਥਾਵਾਂ ਲਈ 25 ਮਿਲੀਅਨ ਡਾਲਰ ਸ਼ਾਮਲ ਹੋਣਗੇ। ਨੌਂ ਸਥਾਨਕ ਸਰਕਾਰਾਂ ‘ਚੋਂ ਹਰੇਕ ਨੂੰ 1 ਮਿਲੀਅਨ ਡਾਲਰ ਅਤੇ ਸੈਰ-ਸਪਾਟਾ ਸੰਚਾਲਕਾਂ ਲਈ 5 ਮਿਲੀਅਨ ਡਾਲਰ ਦਾ ਟੌਪ-ਅੱਪ ਭੁਗਤਾਨ ਪ੍ਰਾਪਤ ਹੋਵੇਗਾ।

ਅਲਬਾਨੀਜ਼ ਨੇ ਕੇਅਰਨਜ਼ ਵਿੱਚ ਕਿਹਾ,”ਇਹ ਇੱਕ ਮੁਸ਼ਕਲ ਦੌਰ ਹੈ ਅਤੇ ਅਸੀਂ ਇਸ ਨਾਲ ਨਜਿੱਠਣ ਲਈ ਸਰਕਾਰ ਦੇ ਤਿੰਨ ਪੱਧਰਾਂ ਵਿੱਚ ਕੰਮ ਕਰਨਾ ਜਾਰੀ ਰੱਖਾਂਗੇ।” ਉਨ੍ਹਾਂ ਨੇ ਐਮਰਜੈਂਸੀ ਸੇਵਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕੁਈਨਜ਼ਲੈਂਡ ਦੇ ਦੱਖਣ ਤੋਂ ਸਹਾਇਤਾ ਲਈ ਯਾਤਰਾ ਕੀਤੀ ਸੀ। ਅਲਬਾਨੀਜ਼ ਨੇ ਆਸਟ੍ਰੇਲੀਅਨਾਂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨ ਲਈ ਕੇਰਨਜ਼ ਵਿੱਚ ਛੁੱਟੀਆਂ ਮਨਾਉਣ ਲਈ ਪ੍ਰੇਰਿਤ ਕੀਤਾ।

ਜ਼ਿਕਰਯੋਗ ਹੈ ਕਿ ਚੱਕਰਵਾਤੀ ਤੂਫਾਨ ਜੈਸਪਰ ਨੇ 40,000 ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਗੁੱਲ ਕਰ ਦਿੱਤੀ ਜਦੋਂ ਇਹ ਕੈਰਨਜ਼ ਤੋਂ ਲਗਭਗ 115 ਕਿਲੋਮੀਟਰ ਉੱਤਰ ਵੱਲ ਵੁਜਲ ਵੁਜਲ ਨੇੜੇ ਟਕਰਾਇਆ। ਜਿਸ ਤੋਂ ਬਾਅਦ ਕੁਈਨਜ਼ਲੈਂਡ ਦੇ ਪ੍ਰੀਮੀਅਰ ਸਟੀਵਨ ਮਾਈਲਸ ਨੇ ਵੀ ਪਰਿਵਾਰਾਂ ਨੂੰ ਕੇਅਰਨਜ਼ ਵਿੱਚ ਛੁੱਟੀਆਂ ਮਨਾਉਣ ਅਤੇ ਕਾਰੋਬਾਰਾਂ ਨੂੰ ਸ਼ਹਿਰ ਦੇ ਸਮਰਥਨ ਲਈ ਸੰਮੇਲਨ ਕੇਂਦਰ ਵਿੱਚ ਕਾਨਫਰੰਸਾਂ ਕਰਨ ਲਈ ਉਤਸ਼ਾਹਿਤ ਕੀਤਾ।

Share this news