Welcome to Perth Samachar

ਕੈਂਸਰ ਕੌਂਸਲ ਵਿਕਟੋਰੀਆਂ ਦੀ ਮੁਫ਼ਤ ਟੈਸਟ ਕਿੱਟ ਬਚਾ ਰਹੀ ਜ਼ਿੰਦਗੀਆਂ

ਅੰਤੜੀਆਂ ਦੇ ਕੈਂਸਰ ਦੀ ਮੁਫ਼ਤ ਜਾਂਚ ਕਰਨ ਵਾਲੀ ਮੁਹਿੰਮ ਜਾਂ ‘ਫਰੀ ਕੈਂਸਰ ਸਕਰੀਨਿੰਗ ਪ੍ਰੋਗਰਾਮ’ ਬੇਸ਼ੱਕ ਆਸਟ੍ਰੇਲੀਅਨ ਲੋਕਾਂ ਦੀ ਜਾਨ ਬਚਾਉਣ ਵਿਚ ਕਾਰਗਰ ਸਾਬਤ ਹੋਇਆ ਹੈ ਪਰ ਬਾਵਜੂਦ ਇਸ ਦੇ ਲੋਕਾਂ ਵਲੋਂ ਕੈਂਸਰ ਦੀ ਜਾਂਚ ਵਿੱਚ ਰੁਚੀ ਨਹੀਂ ਵਿਖਾਈ ਜਾ ਰਹੀ।

ਕੈਂਸਰ ਮਾਹਿਰ ਡਾ. ਮਨਨ ਚੱਢਾ ਦੱਸਦੇ ਹਨ ਕਿ ਜੇਕਰ ਤੁਹਾਡੇ ਮਲ ਵਿਚ ਖੂਨ ਆਉਂਦਾ ਹੈ, 3-4 ਹਫਤੇ ਪੁਰਾਣੀ ਕਬਜ਼ ਹੈ ਜਾਂ ਫਿਰ 3-4 ਹਫਤੇ ਤੋਂ ਲਗਾਤਾਰ ਦਸਤ ਲੱਗੇ ਹਨ ਅਤੇ ਜੇਕਰ ਚੰਗੀ ਖੁਰਾਕ ਹੋਣ ਦੇ ਬਾਵਜੂਦ ਤੁਹਾਡਾ ਵਜ਼ਨ ਲਗਾਤਾਰ ਘੱਟ ਰਿਹਾ ਹੈ ਤਾਂ ਬਿਨਾਂ ਦੇਰ ਕੀਤੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਕਿਉਂਕਿ ਇਸ ਦਾ ਸਿੱਧਾ ਸਬੰਧ ਅੰਤੜੀਆਂ ਦੇ ਕੈਂਸਰ ਨਾਲ ਹੋ ਸਕਦਾ ਹੈ।

ਹੁਣ ਕੈਂਸਰ ਕੌਂਸਲ ਵਿਕਟੋਰੀਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਓਹ ਨੈਸ਼ਨਲ ਬਾਉਲ ਕੈਂਸਰ ਸਕਰੀਨਿੰਗ ਪ੍ਰੋਗਰਾਮ ਵਿਚ ਹਿੱਸਾ ਲੈਣ। ਕੈਂਸਰ ਮਾਹਿਰ ਡਾ. ਮਨਨ ਚੱਢਾ ਦੱਸਦੇ ਹਨ ਕਿ 50 ਤੋਂ 74 ਸਾਲ ਦੀ ਉਮਰ ਵਰਗ ਦੇ ਲੋਕਾਂ ਨੂੰ ਅੰਤੜੀਆਂ ਦੇ ਕੈਂਸਰ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਪਰ ਇਹ ਕਿਸੇ ਵੀ ਉਮਰ ਨੂੰ ਬਿਨਾ ਕਿਸੇ ਲੱਛਣ ਦੇ ਆਪਣੀ ਜਕੜ ਵਿੱਚ ਲੈ ਸਕਦੀ ਹੈ।

ਉਨ੍ਹਾਂ ਅਪੀਲ ਕੀਤੀ ਕਿ ਲੋਕਾਂ ਨੂੰ ਕੈਂਸਰ ਕੌਂਸਿਲ ਵਿਕਟੋਰੀਆ ਵਲੋਂ ਕੈਂਸਰ ਦੀ ਜਾਂਚ ਲਈ ਭੇਜੀ ਜਾਂਦੀ ਮੁਫਤ ਸਕਰੀਨਿੰਗ ਕਿੱਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਲੱਛਣ ਪਕੜ ਵਿੱਚ ਆਉਣ ਤੋਂ ਬਾਅਦ ਅੰਤੜੀਆਂ ਦੇ ਕੈਂਸਰ ਦੇ 90 ਪ੍ਰਤੀਸ਼ਤ ਤੋਂ ਵੱਧ ਕੇਸਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਅੰਤੜੀਆਂ ਦਾ ਕੈਂਸਰ (ਬਾਊਲ ਕੈਂਸਰ) ਜਿਸ ਨੂੰ ਕਿ ਕੋਲੋਰੈਕਰਟਲ ਕੈਂਸਰ ਜਾਂ ਸਰਲ ਭਾਸ਼ਾ ਵਿਚ ਅੰਤੜੀਆਂ ਦਾ ਕੈਂਸਰ ਵੀ ਕਿਹਾ ਜਾਂਦਾ ਹੈ, ਇਹ ਆਸਟ੍ਰੇਲੀਆ ਵਿਚ ਦੂਜਾ ਸਭ ਤੋਂ ਖਤਰਨਾਕ ਕੈਂਸਰ ਹੋਣ ਦੇ ਨਾਲ-ਨਾਲ ਦੇਸ਼ ਭਰ ਵਿਚ ਤੀਜਾ ਸਭ ਤੋਂ ਆਮ ਪਕੜ ਵਿਚ ਆਉਣ ਵਾਲਾ ਕੈਂਸਰ ਹੈ।

ਮਿਲੀ ਜਾਣਕਾਰੀ ਮੁਤਾਬਿਕ ਬਾਊਲ ਕੈਂਸਰ ਆਸਟ੍ਰੇਲੀਆ ਮੁਤਾਬਿਕ, ਹਰ ਹਫਤੇ ਇਸ ਸਮੱਸਿਆ ਨਾਲ ਪੀੜਿਤ 300 ਲੋਕਾਂ ਦੀ ਸ਼ਨਾਖਤ ਹੋ ਰਹੀ ਹੈ ਅਤੇ ਇਸ ਨਾਲ 103 ਮੌਤਾਂ ਵੀ ਹੋ ਰਹੀਆਂ ਹਨ।

Share this news