Welcome to Perth Samachar

ਕੈਨੇਡਾ ‘ਚ ਕੌਫੀ ਪੀਂਦੇ-ਪੀਂਦੇ ਤੁਰ ਗਿਆ ਪੰਜਾਬੀ ਨੌਜਵਾਨ

ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿਚ ਇਕ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਸ਼ਨਾਖਤ 25 ਸਾਲ ਦੇ ਕਮਲਜੀਤ ਸਿੰਘ ਸਿਵੀਆ ਵਜੋਂ ਕੀਤੀ ਗਈ ਹੈ ਜੋ ਪਹਿਲੀ ਮਾਰਚ ਨੂੰ ਹੀ ਪੰਜਾਬ ਰਹਿੰਦੇ ਆਪਣੇ ਪਰਵਾਰ ਨੂੰ ਮਿਲ ਕੇ ਕੈਨੇਡਾ ਪਰਤਿਆ ਸੀ। ਕਮਲਜੀਤ ਸਿੰਘ ਸਿਵੀਆ ਦੇ ਦੋਸਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਛੁੱਟੀਆਂ ਮਨਾਉਣ ਦਸੰਬਰ 2023 ਵਿਚ ਆਪਣੇ ਪਿੰਡ ਗੰਧੜ੍ਹ ਗਿਆ ਸੀ ਅਤੇ ਪਹਿਲੀ ਮਾਰਚ ਨੂੰ ਵਾਪਸੀ ਮਗਰੋਂ ਮੌਂਟਰੀਅਲ ਏਅਰਪੋਰਟ ਤੋਂ ਸਿੱਧਾ ਆਪਣੇ ਸਾਥੀਆਂ ਕੋਲ ਪੁੱਜਾ।

ਦੋਸਤਾਂ ਨੇ ਕੁਝ ਸਮਾਂ ਇਕੱਠੇ ਬਤੀਤ ਕੀਤਾ ਅਤੇ ਫਿਰ ਆਪਣੇ ਕੰਮਾਂ-ਕਾਰਾਂ ਵਿਚ ਰੁੱਝ ਗਏ। ਇਸੇ ਦੌਰਾਨ ਕਮਲਜੀਤ ਸਿੰਘ ਟਿਮ ਹੌਰਟਨਜ਼ ‘ਤੇ ਚਲਾ ਗਿਆ ਅਤੇ ਆਪਣੀ ਕਾਰ ਵਿਚ ਬੈਠ ਕੇ ਕੌਫੀ ਪੀਣ ਲੱਗਾ। ਕਮਲਜੀਤ ਸਿੰਘ ਨੇ ਆਪਣੇ ਸੁੱਖ ਸਾਂਦ ਨਾਲ ਕੈਨੇਡਾ ਪੁੱਜਣ ਬਾਰੇ ਪਰਵਾਰ ਨੂੰ ਫੋਨ ਕਰ ਕੇ ਵੀ ਦੱਸਿਆ ਪਰ ਇਸ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਟਿਮ ਹੌਰਟਨਜ਼ ਦੀ ਪਾਰਕਿੰਗ ਵਿਚੋਂ ਹੀ ਉਸ ਦੀ ਲਾਸ਼ ਮਿਲੀ।
ਦੋ ਭੈਣਾਂ ਦਾ ਇਕਲੌਤਾ ਭਰਾ ਕਮਲਜੀਤ ਸਿੰਘ
ਪੰਜਾਬ ਦਾ ਗੇੜਾ ਲਾ ਕੇ ਬਹੁਤ ਖੁਸ਼ ਨਜ਼ਰ ਆ ਰਿਹਾ ਸੀ ਪਰ ਅਣਹੋਣੀ ਨੇ ਸਭ ਕੁਝ ਖੇਰੂੰ ਖੇਰੂੰ ਕਰ ਦਿਤਾ। ਕਮਲਜੀਤ ਸਿੰਘ ਸਿਵੀਆ ਦੇ ਦੇਹ ਪੰਜਾਬ ਭੇਜਣ ਲਈ ਮਨਪ੍ਰੀਤ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਅਤੇ ਹੁਣ ਤੱਕ ਤਕਰੀਬਨ 15 ਹਜ਼ਾਰ ਡਾਲਰ ਇਕੱਤਰ ਹੋ ਚੁੱਕੇ ਹਨ।

ਉਧਰ ਭਾਰਤੀ ਕਿਸਾਨ ਯੂਨੀਅਨ ਦੀ ਕਾਦੀਆਂ ਇਕਾਈ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਮਲਜੀਤ ਸਿੰਘ ਇਕ ਸਾਧਾਰਣ ਕਿਸਾਨ ਪਰਵਾਰ ਨਾਲ ਸਬੰਧਤ ਸੀ ਅਤੇ ਤਕਰੀਬਨ ਦੋ ਸਾਲ ਪਹਿਲਾਂ ਕੈਨੇਡਾ ਗਿਆ। ਪਰਵਾਰ ਨੇ ਚਾਵਾਂ ਨਾਲ ਉਸ ਨੂੰ ਵਿਦਾ ਕੀਤਾ ਅਤੇ ਉਸ ਦੇ ਪੱਕੇ ਹੁੰਦਿਆਂ ਹੀ ਵਿਆਹ ਕਰਨ ਸੁਪਨੇ ਦੇਖਣ ਲੱਗੇ ਪਰ ਇਸੇ ਦੌਰਾਨ ਕਮਲਜੀਤ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਆ ਗਈ।

Share this news