Welcome to Perth Samachar

ਕੈਨੇਡਾ ਸਰਕਾਰ ਨੇ ਪ੍ਰਵਾਸੀਆਂ ਦਾ ਰੱਖਿਆ ਟਾਰਗੇਟ, ਹੁਣ ਤੱਕ ਇੰਨੇ ਲੋਕ ਪਹੁੰਚ ਚੁੱਕੇ ਹਨ

ਕੈਨੇਡਾ ਸਰਕਾਰ ਵਲੋਂ ਆਪਣੇ ਦੇਸ਼ ਵਿੱਚ ਪ੍ਰਵਾਸੀਆਂ ਲਈ ਰੱਖੇ ਟਾਰਗੇਟ ਮੁਤਾਬਕ ਮਈ ਦੇ ਆਖਰ ਤੱਕ ਹੀ ਅੱਧੇ ਨਵੇਂ ਪ੍ਰਵਾਸੀ ਕੈਨੇਡਾ ਵਿੱਚ ਦਾਖਲ ਹੋ ਚੁੱਕੇ ਹਨ। ਕੈਨੇਡਾ ਸਰਕਾਰ ਨੇ 4 ਲੱਖ 65 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਆਪਣੇ ਦੇਸ਼ ਦੀ PR ਦੇਣ ਦਾ ਟਾਰਗੇਟ ਰੱਖਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਈ ਦੇ ਅੰਤ ਤੱਕ ਹੀ 2 ਲੱਖ 21 ਹਜ਼ਾਰ ਨਵੇਂ ਪ੍ਰਵਾਸੀ ਕੈਨੇਡਾ ਦੀ ਧਰਤੀ ‘ਤੇ ਪੈਰ ਰੱਖ ਚੁੱਕੇ ਹਨ।

ਦੂਜੇ ਪਾਸੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਜਨਵਰੀ ਤੋਂ ਮਈ ਦਰਮਿਆਨ 4 ਲੱਖ 17 ਹਜ਼ਾਰ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਹਨ। ਪਿਛਲੇ ਸਾਲ ਇਸੇ ਸਮੇਂ ਦੌਰਾਨ 2 ਲੱਖ 86 ਹਜ਼ਾਰ ਵੀਜ਼ਾ ਜਾਰੀ ਹੋਏ ਸਨ। ਇਸ ਤੋਂ ਇਲਾਵਾ ਜਨਵਰੀ ਤੋਂ ਮਈ ਮਹੀਨੇ ਤੱਕ 6 ਲੱਖ 96 ਹਜ਼ਾਰ ਵਰਕ ਪਰਮਿਟ ਜਾਰੀ ਕੀਤੇ ਗਏ ਹਨ। ਜਿਹਨਾਂ ਦੀ ਗਿਣਤੀ ਪਿਛਲੇ ਸਾਲ ਇਸੇ ਇਹਨਾਂ ਮਹੀਨਿਆਂ ਦੌਰਾਨ 3 ਲੱਖ 63 ਹਜ਼ਾਰ ਦਰਜ ਹੋਈ ਸੀ।

ਵੱਡੀ ਗਿਣਤੀ ਵਿੱਚ ਕੈਨੇਡਾ ਆ ਰਹੇ ਪ੍ਰਵਾਸੀਆਂ ਦੀ ਗਿਣਤੀ ਨਾਲ ਕੈਨੇਡਾ ਦੇ ਇੰਮੀਗ੍ਰੇਸ਼ਨ ਬੈਕਲਾਗ ਵਿੱਚ ਮੁੜ ਵਾਧਾ ਹੋ ਸਕਦਾ ਹੈ। ਮਈ ਮਹੀਨੇ ਦੇ ਆਖਰ ਤੱਕ 8 ਲੱਖ 20 ਹਜ਼ਾਰ ਅਰਜ਼ੀਆਂ ਤੈਅਸ਼ੁਦਾ ਹੱਦ ਅੰਦਰ ਪ੍ਰੋਸੈਸ ਨਾ ਹੋ ਸਕੀਆਂ। ਜਿਸ ਤੋਂ ਸਾਫ਼ ਹੈ ਕਿ 8 ਲੱਖ 20 ਹਜ਼ਾਰ ਅਰਜ਼ੀਆਂ ਹਾਲੇ ਤੱਕ ਪੀਆਰ ਲੈਣ ਵਾਲੀ ਕਤਾਰ ਵਿੱਚ ਲੱਗੀਆਂ ਹੋਈਆਂ ਹਨ।

ਇਸੇ ਤਰ੍ਹਾਂ ਪਰਮਾਨੇਂਟ ਰੈਜ਼ੀਡੈਂਸ ਦੀਆਂ 6 ਲੱਖ 40 ਹਜ਼ਾਰ ਅਰਜ਼ੀਆਂ ਵਿੱਚੋਂ 48 ਫੀਸਦ ਦਾ ਨਿਪਟਾਰਾ ਸਮਾਂ ਹੱਦ ਲੰਘਣ ਤੋਂ ਪਹਿਲਾਂ ਨਾ ਕੀਤਾ ਜਾ ਸਕਿਆ। ਮਾਰਚ ਵਿੱਚ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 8 ਲੱਖ 96 ਹਜ਼ਾਰ ਦਰਜ ਕੀਤਾ ਗਿਆ ਸੀ ਜੋ ਅਪ੍ਰੈਲ ਵਿੱਚ ਘੱਟ ਕੇ 8 ਲੱਖ 9 ਹਜ਼ਾਰ ‘ਤੇ ਆ ਗਿਆ ਸੀ ਪਰ ਮਈ ਮਹੀਨੇ ਦੇ ਖ਼ਤਮ ਹੁੰਦਿਆਂ ਹੀ ਬੈਕਲਾਗ ਵਿੱਚ ਮੁੜ ਵਾਧਾ ਦੇਖਣ ਨੂੰ ਮਿਲਿਆ। ਹੁਣ ਕੈਨੇਡਾ ਇੰਮੀਗ੍ਰੇਸ਼ਨ ਦਾ ਬੈਕਲਾਗ 8 ਲੱਖ 20 ਹਜ਼ਾਰ ਅਰਜ਼ੀਆਂ ‘ਤੇ ਆ ਗਿਆ ਹੈ।

 

Share this news