Welcome to Perth Samachar
ਫਰਾਂਸ ਵਿਚ ਮੰਗਲਵਾਰ ਨੂੰ ਇਕ 17 ਸਾਲਾ ਲੜਕੇ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਹਿੰਸਕ ਪ੍ਰਦਰਸ਼ਨ ਜਾਰੀ ਹਨ। ਨਾਹੇਲ ਦੀ ਮੌਤ ਨੂੰ ਚਾਰ ਦਿਨ ਬੀਤ ਚੁੱਕੇ ਹਨ ਪਰ ਫਰਾਂਸ ਵਿੱਚ ਅੱਗਜ਼ਨੀ, ਭੰਨਤੋੜ ਅਤੇ ਹੰਗਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।
ਟ੍ਰੈਫਿਕ ਜਾਂਚ ਦੌਰਾਨ ਨਾਹੇਲ ਦੇ ਕਤਲ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਦੇਖਿਆ ਗਿਆ ਕਿ ਪੁਲਿਸ ਮੁਲਾਜ਼ਮ 17 ਸਾਲਾ ਨਾਹੇਲ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਗੋਲੀ ਮਾਰ ਦਿੰਦਾ ਹੈ। ਜਿਸ ਤੋਂ ਬਾਅਦ ਨਾਹੇਲ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਹੋਏ ਦੰਗਿਆਂ ‘ਚ ਪੁਲਿਸ ਹੁਣ ਤੱਕ 1000 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਦੋਸ਼ੀ ਪੁਲਿਸ ਅਧਿਕਾਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਭ ਤੋਂ ਬਾਅਦ ਫਰਾਂਸ ਵਿੱਚ ਅਸ਼ਾਂਤੀ ਫੈਲ ਗਈ ਹੈ।
ਨਾਹੇਲ ਟੇਕਵੇਅ ਡਿਲੀਵਰੀ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਆਪਣੀ ਮਾਂ ਦਾ ਇੱਕੋ ਇੱਕ ਸਹਾਰਾ ਸੀ। ਉਹ ਰਗਬੀ ਖੇਡਣਾ ਪਸੰਦ ਕਰਦਾ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਪਾਇਰੇਟਸ ਆਫ ਨੈਨਟੇਰੇ ਰਗਬੀ ਕਲੱਬ ਦਾ ਸਰਗਰਮ ਮੈਂਬਰ ਸੀ। ਨਾਹੇਲ ਦੀ ਮਾਂ ਦਾ ਦਾਅਵਾ ਹੈ ਕਿ ਅਲਜੀਰੀਅਨ ਮੂਲ ਦੇ ਹੋਣ ਕਾਰਨ ਪੁਲਿਸ ਨੇ ਉਸਦਾ ਚਿਹਰਾ ਦੇਖ ਕੇ ਉਸ ਨੂੰ ਗੋਲੀ ਮਾਰ ਦਿੱਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਲੜਕੇ ਦੀ ਮਾਂ ਨੇ ਦੱਸਿਆ ਕਿ ਉਹ ਇਲੈਕਟ੍ਰੀਸ਼ੀਅਨ ਬਣਨ ਦਾ ਇੱਛੁਕ ਸੀ ਕਿਉਂਕਿ ਉਸ ਨੂੰ ਪੜ੍ਹਨ-ਲਿਖਣ ਦਾ ਸ਼ੌਕ ਨਹੀਂ ਸੀ। ਇਸ ਲਈ ਨਾਹੇਲ ਨੇ ਕਾਲਜ ‘ਚ ਦਾਖਲਾ ਵੀ ਲਿਆ ਸੀ। ਰਗਬੀ ਕਲੱਬ ਦੇ ਪ੍ਰਧਾਨ ਨੇ ਦੱਸਿਆ ਕਿ ਨਾਹੇਲ ਬਹੁਤ ਊਰਜਾਵਾਨ ਸੀ। ਉਸ ਵਿੱਚ ਅੱਗੇ ਵਧਣ ਦਾ ਜਜ਼ਬਾ ਸੀ। ਉਹ ਆਪਣੇ ਆਪ ਨੂੰ ਕਿਸੇ ਵੀ ਅਪਰਾਧਿਕ ਗਤੀਵਿਧੀਆਂ ਤੋਂ ਦੂਰ ਰੱਖਦਾ ਸੀ।
ਫਰਾਂਸ ‘ਚ ਪੈਦਾ ਹੋਏ ਵਿਵਾਦ ‘ਤੇ ਨਾਹੇਲ ਦੇ ਪਰਿਵਾਰ ਦੇ ਵਕੀਲ ਯਾਸੀਨ ਬੁਜ਼ਰੂ ਦਾ ਕਹਿਣਾ ਹੈ ਕਿ ਘਟਨਾ ਨੂੰ ਸਿਰਫ ਨਸਲਵਾਦ ਦੇ ਨਜ਼ਰੀਏ ਨਾਲ ਦੇਖਣ ਦੀ ਬਜਾਏ ਨਿਆਂ ਮੰਗਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਨਾਹੇਲ ਦੀ ਮਾਂ ਨੇ ਆਪਣੇ ਬੇਟੇ ਦੇ ਕਤਲ ਲਈ ਇਨਸਾਫ ਦੀ ਮੰਗ ਕੀਤੀ ਹੈ।