Welcome to Perth Samachar

ਨਿਊਜ਼ੀਲੈਂਡ ਦੇ PM ਹੋਏ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ, ਸਿੱਖਾਂ ਨੂੰ ਦਿੱਤੀ ਖ਼ੁਸ਼ਖ਼ਬਰੀ

ਬੀਤੇ ਦਿਨੀਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ ਗੁਰਦੁਆਰਾ ਸ੍ਰੀ ਕਲਗੀਧਰ ਟਾਕਾਨੀਨੀ, ਆਕਲੈਂਡ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਕਈ ਮੰਤਰੀ, ਪਾਰਲੀਮੈਂਟ ਮੈਂਬਰ ਅਤੇ ਅਗਾਮੀ ਚੌਣਾਂ ‘ਚ ਪਾਰਟੀ ਵੱਲੋਂ ਉਤਾਰੇ ਗਏ ਲੀਡਰ ਵੀ ਮੌਜੂਦ ਸਨ। ਇੱਥੇ ਉਹਨਾਂ ਨੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਵੀ ਕੀਤਾ।

ਪੀ.ਐੱਮ. ਦੇ ਭਾਸ਼ਣ ਤੋ ਪਹਿਲਾਂ ਪਾਰਟੀ ਦੇ ਬੋਟਨੀ ਹਲਕੇ ਤੋਂ ਉਮੀਦਵਾਰ ਖੜਗ ਸਿੰਘ ਨੇ ਆਪਣੇ ਭਾਸ਼ਣ ਵਿਚ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਅਗਾਮੀ ਚੋਣਾਂ ਵਿੱਚ ਲੇਬਰ ਪਾਰਟੀ ਅਤੇ ਉਹਨਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਪਾਰਲੀਮੈਂਟ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੀ ਅਵਾਜ਼ ਬਣ ਸਕਣ।

ਮਿਸਟਰ ਹਿਪਕਿੰਸ ਨੇ ਆਪਣੇ ਭਾਸ਼ਨ ਵਿੱਚ ਟਾਕਾਨੀਨੀ ਗੁਰੂ ਘਰ ਵਲੋਂ ਵੱਖ-ਵੱਖ ਸਮਿਆਂ ਵਿੱਚ ਕੀਤੀ ਸਮਾਜ ਅਤੇ ਸੰਗਤ ਦੀ ਸੇਵਾ, ਕੋਵਿਡ ਦੌਰਾਨ ਚਲਾਈ ਗਈ ਫੂਡ ਡਰਾਇਵ ਅਤੇ ਕਮਿਊਨਿਟੀ ਦੀ ਬਿਹਤਰੀ ਲਈ ਕੀਤੇ ਕਾਰਜਾ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਿੱਖਾਂ ਅਤੇ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ, ਪੰਜ ਕਕਾਰਾਂ ਦੀ ਪਛਾਣ ਅਤੇ ਪਹਿਨਣ ਦੀ ਮਨਜੂਰੀ ਸੰਬੰਧੀ ਮੁਸ਼ਕਲਾਂ, ਵਧੀਆਂ ਹੋਈਆਂ ਅਪਰਾਧਿਕ ਗਤੀਵਿਧਿਆਂ, ਪੁਲਿਸ ਕਰਮੀਆਂ ਦੀ ਭਰਤੀ ਅਤੇ ਮੁਸਤੈਦੀ ਸੰਬੰਧੀ ਦਿੱਕਤਾਂ ਦੇ ਹੱਲ ਕਰਨ ਦਾ ਭਰੋਸਾ ਦਿਵਾਉਂਦੇ ਹਨ।

ਇਸ ਦੌਰਾਨ ਟਾਕਾਨੀਨੀ ਹਲਕੇ ਤੋ ਮੈਂਬਰ ਪਾਰਲੀਮੈਂਟ ਡਾ. ਲਿਵਾਸਾ ਨੇ ਸੰਬੋਧਨ ਕਰਦਿਆਂ ਹੋਇਆਂ ਗੁਰੂਘਰ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੂੰ ਸਮੂਹ ਸੰਗਤ ਵੱਲੋਂ ਜੀ ਆਇਆ ਆਖਿਆ ਤੇ ਸੰਗਤਾਂ ਦੀਆਂ ਮੁਸ਼ਕਲਾਂ ਸੁਨਣ ਅਤੇ ਉਹਨਾਂ ਦੇ ਹੱਲ ਲਈ ਭਰੋਸਾ ਦਿਵਾਉਣ ਤੇ ਪੀ.ਐੱਮ. ਦਾ ਧੰਨਵਾਦ ਕੀਤਾ ਗਿਆ। ਅੰਤ ਵਿਚ ਗੁਰੂਘਰ ਦੀ ਕਮੇਟੀ ਵਲੋਂ ਸਭ ਲੀਡਰਾਂ ਦਾ ਮੂਮੇਂਟੋ ਅਤੇ ਸ਼ਾਲ ਭੇਂਟ ਕਰਕੇ ਸਨਮਾਨ ਕੀਤਾ ਗਿਆ।

 

Share this news