Welcome to Perth Samachar

ਭਾਰਤ ਹਾਈ ਕਮਿਸ਼ਨ ਦਾ ਐਲਾਨ, ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ

ਕੈਨੇਡਾ ਜਾਣ ਵਾਲੇ ਲੋਕਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਭਾਰਤ ਨੇ ਕੈਨੇਡਾ ਦੇ ਲੋਕਾਂ ਲਈ ਵੀਜ਼ਾ ਸੇਵਾਵਾਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਹਨ। ਕੈਨੇਡਾ ਦੇ ਓਟਾਵਾ ‘ਚ ਮੌਜੂਦ ਭਾਰਤ ਦੇ ਹਾਈ ਕਮਿਸ਼ਨ ਨੇ ਇਹ ਖ਼ਬਰ ਸਾਂਝੀ ਕੀਤੀ ਹੈ।

ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ‘ਤੇ ਦੱਸਿਆ ਕਿ ਫਿਲਹਾਲ ਵੀਜ਼ਾ ਸੇਵਾਵਾਂ- ਐਂਟਰੀ ਵੀਜ਼ਾ, ਬਿਜ਼ਨੈੱਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਦੀ ਸ਼੍ਰੇਣੀ ‘ਚ ਹੀ ਸ਼ੁਰੂ ਕੀਤੀਆਂ ਗਈਆਂ ਹਨ।

ਹਾਈ ਕਮਿਸ਼ਨ ਨੇ ਅੱਗੇ ਬਿਆਨ ‘ਚ ਕਿਹਾ ਕਿ ਸੁਰੱਖਿਆ ਕਾਰਨਾਂ ਨੂੰ ਧਿਆਨ ‘ਚ ਰੱਖਦੇ ਹੋਏ ਅਸਥਾਈ ਤੌਰ ‘ਤੇ ਵੀਜ਼ਾ ਦੇਣ ‘ਤੇ ਪਹਿਲਾਂ ਰੋਕ ਲਗਾਈ ਗਈ ਸੀ। ਅਜਿਹੇ ‘ਚ ਸੁਰੱਖਿਆ ਸਥਿਤੀ ਰੀਵਿਊ ਕਰਨ ਤੋਂ ਬਾਅਦ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਗਈਆਂ ਹਨ। ਇਹ ਫੈਸਲਾ 26 ਅਕਤੂਬਰ ਤੋਂ ਲਾਗੂ ਹੋਵੇਗਾ।

ਭਾਰਤ ਵਲੋਂ ਕੈਨੇਡਾ ਵੀਜ਼ਾ ਵਿਚ ਟੂਰਿਸਟ ਵੀਜ਼ਾ, ਐਂਟਰੀ ਵੀਜ਼ਾ, ਬਿਜ਼ਨੈੱਸ ਵੀਜ਼ਾ, ਰੋਜ਼ਗਾਰ ਵੀਜ਼ਾ, ਸਟੂਡੈਂਟ ਵੀਜ਼ਾ, ਮੈਡੀਕਲ ਵੀਜ਼ਾ ਅਤੇ ਮੈਡੀਕਲ ਅਟੈਂਡੈਂਟ ਵੀਜ਼ਾ, ਜਰਨਲਿਸਟ (“ਜੇ”) ਵੀਜ਼ਾ, ਫਿਲਮ ਵੀਜ਼ਾ, ਕਾਨਫਰੰਸ ਵੀਜ਼ਾ, ਟਰਾਂਜ਼ਿਟ ਵੀਜ਼ਾ, ਮਿਸ਼ਨਰੀ ਵੀਜ਼ਾ ਅਤੇ ਪਰਬਤਾਰੋਹੀ ਵੀਜ਼ਾ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਕੈਨੇਡਾ ਦੇ 15 ਗੁਰਦੁਆਰਿਆਂ ਨੇ 19 ਅਕਤੂਬਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਚਿੱਠੀ ਲਿੱਖ ਕੇ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ। ਚਿੱਠੀ ‘ਚ ਉਨ੍ਹਾਂ ਲਿਖਿਆ ਕਿ ਭਾਰਤ ਵੱਲੋਂ ਵੀਜ਼ਾ ਸੇਵਾਵਾਂ ‘ਤੇ ਰੋਕ ਲਗਾਏ ਜਾਣ ਕਾਰਨ ਕੈਨੇਡਾ ‘ਚ ਵਸਦੇ ਭਾਰਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share this news