Welcome to Perth Samachar
ਇੰਗਲੈਂਡ: ਉੱਤਰੀ ਇੰਗਲੈਂਡ ਦੇ ਲੀਡਜ਼ ਵਿੱਚ ਸਿੱਖਾਂ ਦੇ ਪਵਿੱਤਰ ਗ੍ਰੰਥ ਗੁਟਕਾ ਸਾਹਿਬ ਦੀ ਬੇਅਦਬੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗੁਟਕਾ ਸਾਹਿਬ ਨੂੰ ਅੱਗ ਲਗਾ ਦਿੱਤੀ ਗਈ ਅਤੇ ਫਿਰ ਇਸ ਨੂੰ ਭਾਈਚਾਰੇ ਨਾਲ ਸਬੰਧਿਤ ਇਕ ਘਰ ਦੇ ਬਾਹਰ ਕੂੜੇਦਾਨ ਵਿਚ ਸੁੱਟ ਦਿੱਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਨਫ਼ਰਤੀ ਅਪਰਾਧ ਦੇ ਤੌਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੈਸਟ ਯੌਰਕਸ਼ਾਇਰ ਪੁਲਿਸ ਨੇ ਕਿਹਾ ਕਿ ਉਸਨੂੰ ਐਤਵਾਰ ਨੂੰ ਸਥਾਨਕ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਤੋਂ ਘਟਨਾ ਦੀ ਰਿਪੋਰਟ ਮਿਲੀ। ਇਹ ਘਟਨਾ 12 ਜੁਲਾਈ ਨੂੰ ਸ਼ਹਿਰ ਦੇ ਹੈਡਿੰਗਲੇ ਇਲਾਕੇ ਦੀ ਹੈ। ਇਕ ਬਜ਼ਰੁਗ ਸਿੱਖ ਵਿਅਕਤੀ ਅਤੇ ਉਸ ਦੀ ਧੀ ਨੇ 12 ਜੁਲਾਈ ਨੂੰ ਸੈਂਟ ਏਨੀਜ਼ ਰੋਡ, ਹੇਡਿੰਗਲੇ ਵਿਚ ਆਪਣੇ ਘਰ ਦੇ ਬਾਹਰ ਸੜਿਆ ਅਤੇ ਫਟਿਆ ਹੋਇਆ ਗੁਟਕਾ ਸਾਹਿਬ ਪਾਇਆ। ਉਹ ਇਸ ਸੜੇ ਹੋਏ ਗੁਟਕਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਲੈ ਆਏ, ਜਿਸ ਮਗਰੋਂ ਭਾਈਚਾਰੇ ਦੇ ਇਕ ਮੈਂਬਰ ਨੇ ਸਥਾਨਕ ਪੁਲਸ ਨਾਲ ਸੰਪਰਕ ਕੀਤਾ।
ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸ਼ਾਮ ਸਮੇਂ ਹੇਡਿੰਗਲੇ ਇਲਾਕੇ ਵਿਚ ਵਾਪਰੀ ਘਟਨਾ ਦੀ ਰਿਪੋਰਟ ਮਿਲੀ। ਵੈਸਟ ਯੌਰਕਸ਼ਾਇਰ ਪੁਲਿਸ ਲਈ ਲੀਡਜ਼ ਜ਼ਿਲ੍ਹਾ ਕਮਾਂਡਰ, ਚੀਫ਼ ਸੁਪਰਡੈਂਟ ਸਟੀਵ ਡੋਡਸ ਨੇ ਕਿਹਾ ਕਿ “ਇਸ ਤਰ੍ਹਾਂ ਦਾ ਕੋਈ ਵੀ ਅਪਰਾਧ ਜੋ ਨਸਲ ਜਾਂ ਧਰਮ ਪ੍ਰਤੀ ਪੱਖਪਾਤ ਤੋਂ ਪ੍ਰੇਰਿਤ ਹੁੰਦਾ ਹੈ, ਨੂੰ ਨਫ਼ਰਤ ਅਪਰਾਧ ਮੰਨਿਆ ਜਾਂਦਾ ਹੈ। ਅਸੀਂ ਇਸ ਕਿਸਮ ਦੀਆਂ ਸਾਰੀਆਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ,”।
ਉਸਨੇ ਕਿਹਾ ਕਿ “ਸਿੱਖ ਭਾਈਚਾਰੇ ਦੇ ਇੱਕ ਮੈਂਬਰ ਦੇ ਤੌਰ ‘ਤੇ ਪੀੜਤ ਨੂੰ ਠੇਸ ਪਹੁੰਚਾਉਣ ਦੇ ਉਦੇਸ਼ ਨਾਲ ਕਿਸੇ ਵਿਅਕਤੀ ਲਈ ਜਾਣਬੁੱਝ ਕੇ ਪਵਿੱਤਰ ਗ੍ਰੰਥ ਨੂੰ ਨੁਕਸਾਨ ਪਹੁੰਚਾਉਣਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਅਸੀਂ ਲੀਡਜ਼ ਜ਼ਿਲ੍ਹਾ ਸੀਆਈਡੀ ਦੇ ਜਾਸੂਸਾਂ ਦੀ ਅਗਵਾਈ ਵਿੱਚ ਇੱਕ ਅਪਰਾਧਿਕ ਜਾਂਚ ਸ਼ੁਰੂ ਕੀਤੀ ਹੈ ਜੋ ਇਸ ਘਟਨਾ ਦੇ ਪੂਰੇ ਹਾਲਾਤ ਬਾਰੇ ਵਿਆਪਕ ਪੁੱਛਗਿੱਛ ਕਰ ਰਹੀ ਹੈ,”।
ਡੋਡਸ ਨੇ ਕਿਹਾ ਕਿ ਇਸ ਘਟਨਾ ਨੇ ਸਥਾਨਕ ਸਿੱਖ ਭਾਈਚਾਰੇ ਅਤੇ ਇਸ ਤੋਂ ਬਾਹਰ ਦੇ ਲੋਕਾਂ ਵਿੱਚ ਚਿੰਤਾ ਪੈਦਾ ਕੀਤੀ ਹੈ। ਉਸਨੇ ਕਿਹਾ ਕਿ “ਅਸੀਂ ਮੁੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।” ਪੁਲਿਸ ਨੇ ਇਸ ਘਟਨਾ ਸਬੰਧੀ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।