Welcome to Perth Samachar

ਰੁਜ਼ਗਾਰ ਘੁਟਾਲਿਆਂ ‘ਚ ਭਾਰੀ ਵਾਧਾ, 20 ਮਿਲੀਅਨ ਡਾਲਰ ਦਾ ਵੱਡਾ ਨੁਕਸਾਨ

ਆਸਟ੍ਰੇਲੀਆ ਇਸ ਸਾਲ ਰੁਜ਼ਗਾਰ ਘੁਟਾਲਿਆਂ ਵਿੱਚ ਤਕਰੀਬਨ 740 ਪ੍ਰਤੀਸ਼ਤ ਦਾ ਵੱਡਾ ਵਾਧਾ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਸਾਲ ਦੇ ਸ਼ੁਰੂ ਤੋਂ ਲੈਕੇ ਹੁਣ ਤੱਕ ਲੋਕਾਂ ਦਾ ਲਗਭਗ 20 ਮਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਘੁਟਾਲੇਬਾਜ਼, ਪ੍ਰਮਾਣਿਤ ਕੰਪਨੀਆਂ ਦੇ ਨੁਮਾਇੰਦੇ ਬਣਕੇ ਲੋਕਾਂ ਨੂੰ ਰੋਜ਼ਗਾਰ ਦਵਾਉਣ ਬਹਾਨੇ ਵੱਡੇ ਪੱਧਰ ਤੇ ਨਿਸ਼ਾਨਾ ਬਣਾ ਰਹੇ ਹਨ।

ਵਿੱਤੀ ਸੇਵਾਵਾਂ ਦੇ ਮੰਤਰੀ ਸਟੀਫਨ ਜੋਨਸ ਦਾ ਕਹਿਣਾ ਹੈ ਕਿ ਨੈਸ਼ਨਲ ਐਂਟੀ-ਸਕੈਮ ਸੈਂਟਰ ਨੇ 2023 ਵਿੱਚ ਰੁਜ਼ਗਾਰ ਘੁਟਾਲਿਆਂ ਵਿੱਚ 740 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਢੋਂਗੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਫੇਸਬੁੱਕ, ਟਿਕਟੋਕ ਅਤੇ ਇੰਸਟਾਗ੍ਰਾਮ ‘ਤੇ ਨੌਕਰੀਆਂ ਦੇ ਇਸ਼ਤਿਹਾਰ ਦੇਕੇ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਬਹਾਨੇ ਆਪਣੇ ਜਾਲ ਵਿਚ ਫ਼ਸਾ ਲੈਂਦੇ ਹਨ।

“ਉਹ ਅਕਸਰ ਪੀੜਤਾਂ ਨੂੰ ਕ੍ਰਿਪਟੋਕਰੰਸੀ ਪਲੇਟਫਾਰਮਾਂ ‘ਤੇ ਖਾਤੇ ਸਥਾਪਤ ਕਰਨ ਨੂੰ ਕਹਿੰਦੇ ਹਨ ਅਤੇ ਉਨ੍ਹਾਂ ਨੂੰ ਕਮਿਸ਼ਨ ਜਾਂ ਬੋਨਸ ਦਾ ਵਾਦਾ ਕਰਕੇ ਵਿੱਤੀ ਡਿਪਾਜ਼ਿਟ ਦੀ ਮੰਗ ਕਰਦੇ ਹਨ ” ਉਨ੍ਹਾਂ ਕਿਹਾ।

ਇਸ ਔਖੇ ਵਿਤੀ ਦੌਰ ਤੋਂ ਨਿਕਲ ਰਹੇ ਲੋਕ ਅਕਸਰ ਦੂਜੀ ਨੌਕਰੀ ਦੀ ਭਾਲ ਵਿਚ ਇਨ੍ਹਾਂ ਘੁਟਾਲਿਆਂ ਵਿੱਚ ਫ਼ਸ ਜਾਂਦੇ ਹਨ। ਇੱਕ ਔਰਤ ਨੇ ਘਰ ਤੋਂ ਪਾਰਟ-ਟਾਈਮ ਕੰਮ ਦੀ ਪੇਸ਼ਕਸ਼ ਕਰਨ ਵਾਲੀ ਇੱਕ ਫੇਸਬੁੱਕ ਪੋਸਟ ਦਾ ਜਵਾਬ ਦਿਤਾ ਜਿਸ ਤੋਂ ਬਾਅਦ ਉਸਨੂੰ 40,000 ਡਾਲਰ ਤੋਂ ਹੱਥ ਧੋਣਾ ਪਿਆ।

ਇੱਕ ਹੋਰ ਔਰਤ ਦਾ ਇਸੇ ਕਿਸਮ ਦੇ ਧੋਖੇ ਵਿੱਚ 12000 ਡਾਲਰ ਦਾ ਨੁਕਸਾਨ ਹੋਇਆ। ਮਾਹਿਰਾਂ ਮੁਤਾਬਿਕ ਜੇ ਕਿਸੇ ਨੂੰ ਔਨਲਾਈਨ ਦਿਖਾਈ ਗਈ ਗਾਰੰਟੀਸ਼ੁਦਾ ਆਮਦਨ ਜਾਂ ਕਿਸੇ ਸਧਾਰਨ ਦਿਖਣ ਵਾਲੇ ਕੰਮ ਲਈ ਬਹੁਤ ਵਧੀਆ ਤਨਖਾਹ ਦੀ ਪੇਸ਼ਕਸ਼ ਕੀਤੀ ਗਏ ਹੋਵੇ ਤਾਂ ਇਹੋਜਿਹੇ ਭੁਲੇਖਾ-ਪਾਊ ਵਿਗਿਆਪਨ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜੇ ਕਿਸੇ ਨੂੰ ਲਗਦਾ ਹੈ ਕਿ ਉਸ ਨਾਲ ਘੋਟਾਲਾ ਹੋਇਆ ਹੈ ਤਾਂ ਉਸਨੂੰ ਤਰੁੰਤ ਆਪਣੇ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਨੈਸ਼ਨਲ ਐਂਟੀ-ਸਕੈਮ ਸੈਂਟਰ ਰਾਹੀਂ ਇਸ ਘਟਨਾ ਦੀ ਰਿਪੋਰਟ ਕਰਨੀ ਚਾਹੀਦੀ ਹੈ।
Share this news