Welcome to Perth Samachar
ਵਿਕਟੋਰੀਆ ਵਿੱਚ ਇੱਕ ਮੋਟਰਸਾਈਕਲ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮੈਲਬੌਰਨ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਤੋਂ ਲਗਭਗ 35 ਕਿਲੋਮੀਟਰ ਪੱਛਮ ਵਿੱਚ – ਗ੍ਰੇਂਜਫੀਲਡਜ਼ ਵਿੱਚ ਬੀਟੀਸ ਰੋਡ ‘ਤੇ ਇੱਕ ਟੱਕਰ ਹੋਈ, ਜਿਸ ਵਿੱਚ ਘੱਟੋ-ਘੱਟ ਦੋ ਆਫ-ਰੋਡ ਮੋਟਰਸਾਈਕਲ ਅਤੇ ਸੰਭਾਵਤ ਤੌਰ ‘ਤੇ ਇੱਕ ਕੁਆਡ ਬਾਈਕ ਸ਼ਾਮਲ ਸੀ। ਵਿਕਟੋਰੀਆ ਪੁਲਿਸ ਨੇ ਬੀਤੀ ਸ਼ਾਮ ਇਸ ਹਾਦਸੇ ਦੀ ਪੁਸ਼ਟੀ ਕੀਤੀ।
ਹਾਦਸੇ ਵਿਚ ਇਕ ਜ਼ੇਨਾ(18) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਅਲੀ(17) ਨੇ ਬਾਅਦ ਵਿਚ ਹਸਪਤਾਲ ਵਿਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ 6 ਅਤੇ 11 ਸਾਲ ਦੇ ਦੋ ਨਾਬਾਲਗ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਦਕਿ ਇੱਕ 43 ਸਾਲਾ ਵਿਅਕਤੀ ਨੂੰ ਗੈਰ-ਜਾਨਲੇਵਾ ਸੱਟਾਂ ਲੱਗੀਆਂ।
ਪੁਲਿਸ ਮੁਤਾਬਕ ਟੱਕਰ ਦੀ ਆਵਾਜ਼ ਸੁਣ ਕੇ 18 ਸਾਲਾ ਕੁੜੀ ਦਾ ਪਿਤਾ ਕਵਾਡ ਬਾਈਕ ‘ਤੇ ਸਵਾਰ ਹੋ ਕੇ ਮੌਕੇ ‘ਤੇ ਪਹੁੰਚ ਗਿਆ ਅਤੇ ਇਸ ਦੌਰਾਨ ਉਹ ਗੱਡੀ ਤੋਂ ਕੰਟਰੋਲ ਗੁਆ ਬੈਠਾ। ਹਾਲਾਂਕਿ ਅਜੇ ਤੱਕ ਹਾਦਸੇ ਦੇ ਸਹੀ ਹਾਲਾਤ ਦਾ ਪਤਾ ਨਹੀਂ ਲੱਗ ਸਕਿਆ ਹੈ। ਵਿਕਟੋਰੀਆ ਪੁਲਿਸ ਦੇ ਡਿਟੈਕਟਿਵ ਪਾਲ ਲਾਈਨਹੈਮ ਨੇ ਇਸ ਹਾਦਸੇ ਨੂੰ ਦੇਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।