Welcome to Perth Samachar

ਹਫ਼ਤੇ ‘ਚ ਦੋ ਵਾਰ ਮਲੇਸ਼ੀਆ ਏਅਰਲਾਈਨ ਜਾਵੇਗੀ ਅੰਮ੍ਰਿਤਸਰ, ਨਵੰਬਰ ‘ਚ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ

ਆਸਟ੍ਰੇਲੀਆ ਸਮੇਤ ਨਿਉਜ਼ੀਲੈਂਡ, ਥਾਈਲੈਂਡ, ਹਾਂਗਕਾਂਗ ਅਤੇ ਕਈ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਮਲੇਸ਼ੀਆ ਦੀ ਸਭ ਤੋਂ ਵੱਡੀ ਮਲੇਸ਼ੀਆ ਏਅਰਲਾਈਨ 8 ਨਵੰਬਰ ਤੋਂ ਕੁਆਲਾਲੰਪੁਰ ਤੋਂ ਪੰਜਾਬ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।

ਅੰਮ੍ਰਿਤਸਰ ਦੇ ਨਵੇਂ ਮਹੱਤਵਪੂਰਨ ਹਵਾਈ ਸੰਪਰਕ ਬਾਰੇ ਇੱਕ ਸਾਂਝੇ ਬਿਆਨ ਵਿੱਚ ਜਾਣਕਾਰੀ ਦਿੰਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕਨਵਨੀਰ ਇੰਡੀਆ ਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਾਲੀ ਮਲੇਸ਼ੀਆ ਦੀ ਤੀਜੀ ਏਅਰਲਾਈਨ ਬਣਨ ਜਾ ਰਹੀ ਹੈ।

ਵਰਤਮਾਨ ਵਿੱਚ ਬੈਟਿਕ ਏਅਰ ਹਫ਼ਤੇ ਵਿੱਚ ਤਿੰਨ ਦਿਨ, ਜਦੋਂ ਕਿ ਏਅਰ ਏਸ਼ੀਆ ਐਕਸ 3 ਸਤੰਬਰ ਤੋਂ ਇਸ ਰੂਟ ‘ਤੇ ਹਫ਼ਤੇ ਵਿੱਚ ਚਾਰ ਦਿਨ ਇਹਨਾਂ ਉਡਾਣਾਂ ਦਾ ਸੰਚਾਲਨ ਕਰੇਗੀ। ਮਲੇਸ਼ੀਆ ਏਅਰਲਾਈਨ ਦੀ ਵੈੱਬਸਾਈਟ ‘ਤੇ ਉਪਲੱਬਧ ਸਮਾਂ ਸੂਚੀ ਅਨੁਸਾਰ ਏਅਰਲਾਈਨ ਹਫ਼ਤੇ ‘ਚ ਹਰ ਬੁੱਧਵਾਰ ਅਤੇ ਸ਼ਨੀਵਾਰ ਆਪਣੇ 144 ਇਕਾਨਮੀ ਅਤੇ 16 ਬਿਜ਼ਨਸ ਕਲਾਸ ਸੀਟਾਂ ਦੇ ਬੋਇੰਗ 737 ਜਹਾਜ਼ ਨਾਲ ਉਡਾਣਾਂ ਦਾ ਸੰਚਾਲਨ ਕਰੇਗੀ। ਕੁਆਲਾਲੰਪੁਰ ਤੋਂ ਸ਼ਾਮ 6:50 ਵਜੇ ਰਵਾਨਾ ਹੋ ਕੇ ਇਹ ਉਡਾਣ ਅੰਮ੍ਰਿਤਸਰ ਵਿਖੇ ਰਾਤ 10:10 ਵਜੇ ਪਹੁੰਚੇਗੀ। ਅੰਮ੍ਰਿਤਸਰ ਤੋਂ ਫਿਰ ਰਾਤ 11:25 ਵਜੇ ਰਵਾਨਾ ਹੋ ਕੇ ਮਲੇਸ਼ੀਆ ਦੀ ਅਗਲੀ ਸਵੇਰ ਨੂੰ 7:30 ਵਜੇ ਕੁਆਲਾਲੰਪੁਰ ਪਹੁੰਚੇਗੀ।

ਇਸ ਨਵੀਂ ਉਡਾਣ ਦੇ ਐਲਾਨ ‘ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਗੁਮਟਾਲਾ ਨੇ ਕਿਹਾ ਕਿ “ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਲਗਾਤਾਰ ਅੰਕੜਿਆਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਸਣੇ ਏਅਰਲਾਈਨਾਂ ਕੋਲ ਅੰਮ੍ਰਿਤਸਰ ਲਈ ਦੁਨੀਆ ਦੇ ਵੱਖ-ਵੱਖ ਮੁਲਕਾਂ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵੱਸਦਾ ਹੈ, ਨਾਲ ਹਵਾਈ ਸੰਪਰਕ ਲਈ ਅਣਥੱਕ ਮਿਹਨਤ ਨਾਲ ਵਕਾਲਤ ਕੀਤੀ ਜਾ ਰਹੀ ਹੈ। ਅਗਸਤ 2018 ਵਿੱਚ ਸ਼ੁਰੂ ਹੋਈ ਏਅਰ ਏਸੀਆ ਐਕਸ, ਲੰਡਨ ਆਦਿ ਕਈ ਉਡਾਣਾਂ ਇਸੇ ਮੁਹਿੰਮ ਦਾ ਨਤੀਜਾ ਹਨ।”

ਜ਼ਿਕਰਯੋਗ ਹੈ ਕਿ ਮਲੇਸ਼ੀਆ ਏਅਰਲਾਈਨਜ਼ ਕੁਆਲਾਲੰਪੁਰ ਰਾਹੀਂ ਸਿਰਫ ਦੋ ਤੋਂ ਤਿੰਨ ਘੰਟਿਆਂ ਵਿੱਚ ਯਾਤਰੀਆਂ ਨੂੰ ਮੈਲਬੌਰਨ, ਸਿਡਨੀ, ਪਰਥ, ਐਡੀਲੇਡ, ਆਕਲੈਂਡ, ਬੈਂਕਾਕ, ਫੂਕੇਟ, ਹਾਂਗਕਾਂਗ, ਮਨੀਲਾ ਅਤੇ ਕਈ ਹੋਰ ਸ਼ਹਿਰਾਂ ਨੂੰ ਜੋੜੇਗੀ। ਵਿਦੇਸ਼ ਵੱਸਦੇ ਪੰਜਾਬੀ ਭਾਈਚਾਰੇ ਕੋਲ ਹੁਣ ਦਿੱਲੀ ਰਾਹੀਂ ਖੱਜਲ-ਖੁਆਰ ਹੋਣ ਦੀ ਬਜਾਏ ਮਲੇਸ਼ੀਆਂ ਦੀਆਂ ਇਹਨਾਂ ਵੱਖ-ਵੱਖ ਏਅਰਲਾਈਨਾਂ ਅਤੇ ਸਕੂਟ-ਸਿੰਗਾਪੁਰ ਏਅਰਲਾਈਨ ‘ਤੇ ਸਿੱਧਾ ਅੰਮਿਤਸਰ ਪਹੁੰਚਣ ਦੇ ਕਈ ਵਿਕਲਪ ਉਪਲੱਬਧ ਹੋਣਗੇ। ਇਹ ਘੱਟ ਸਮੇਂ ਵਿਚ ਪਹੁੰਚਾ ਦੇਣਗੀਆਂ ਅਤੇ ਕਿਰਾਇਆ ਵੀ ਘੱਟ ਹੋਵੇਗਾ।

Share this news