Welcome to Perth Samachar
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅਮਰੀਕਾ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਨਵੰਬਰ ਦੇ ਸ਼ੁਰੂ ਵਿੱਚ ਚੀਨ ਦਾ ਦੌਰਾ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ। ਅਲਬਾਨੀਜ਼ ਦੇ ਦਫਤਰ ਨੇ ਕਿਹਾ ਕਿ ਚੀਨ ਆਸਟ੍ਰੇਲੀਆਈ ਵਾਈਨ ‘ਤੇ ਲਗਾਏ ਗਏ ਟੈਰਿਫ ਦੀ ਸਮੀਖਿਆ ਕਰਨ ਲਈ ਸਹਿਮਤ ਹੋ ਗਿਆ ਹੈ।
ਜਾਣਕਾਰੀ ਮੁਤਾਬਿਕ ਇਨ੍ਹਾਂ ਟੈਰਿਫਾਂ ਨੇ 2020 ਤੋਂ ਬਾਅਦ ਵਾਈਨ ਬਣਾਉਣ ਵਾਲਿਆਂ ਦੇ ਸਭ ਤੋਂ ਵੱਡੇ ਨਿਰਯਾਤ ਬਾਜ਼ਾਰ ਨਾਲ ਵਪਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਦਿੱਤਾ ਹੈ। ਅਲਬਾਨੀਜ਼ 4 ਤੋਂ 7 ਨਵੰਬਰ ਤੱਕ ਬੀਜਿੰਗ ਅਤੇ ਸ਼ੰਘਾਈ ਦਾ ਦੌਰਾ ਕਰਨਗੇ ਤੇ ਸੱਤ ਸਾਲਾਂ ਵਿੱਚ ਚੀਨ ਦਾ ਦੌਰਾ ਕਰਨ ਵਾਲੇ ਉਹ ਪਹਿਲੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਬਣ ਜਾਣਗੇ।
ਇਸ ਦੌਰੇ ਦੌਰਾਨ ਉਹ ਬੀਜਿੰਗ ‘ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨਾਲ ਮੁਲਾਕਾਤ ਕਰਨਗੇ ਅਤੇ ਫਿਰ ਸ਼ੰਘਾਈ ‘ਚ ‘ਚਾਈਨਾ ਇੰਟਰਨੈਸ਼ਨਲ ਇੰਪੋਰਟ ਐਗਜ਼ੀਬਿਸ਼ਨ’ ‘ਚ ਸ਼ਿਰਕਤ ਕਰਨਗੇ।
ਅਲਬਾਨੀਜ਼ ਨੇ ਇੱਕ ਬਿਆਨ ਵਿੱਚ ਕਿਹਾ, “ਮੈਂ ਚੀਨ ਦਾ ਦੌਰਾ ਕਰਨ ਲਈ ਉਤਸ਼ਾਹਿਤ ਹਾਂ। ਇਹ ਇੱਕ ਸਥਾਈ ਅਤੇ ਲਾਹੇਵੰਦ ਸਬੰਧ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ।” ਉਨ੍ਹਾਂ ਕਿਹਾ ਕਿ ਮਜ਼ਬੂਤ ਵਪਾਰ ਦੋਵਾਂ ਦੇਸ਼ਾਂ ਨੂੰ ਲਾਭ ਪਹੁੰਚਾਉਂਦਾ ਹੈ।
ਜ਼ਿਕਰਯੋਗ ਹੈ ਕਿ ਅਲਬਾਨੀਜ਼ 23 ਅਕਤੂਬਰ ਤੋਂ 26 ਅਕਤੂਬਰ ਤੱਕ ਅਮਰੀਕਾ ਦੌਰੇ ‘ਤੇ ਰਹਿਣਗੇ, ਇਸ ਦੌਰਾਨ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਵੀ ਮੁਲਾਕਾਤ ਕਰਨਗੇ। ਆਪਣੀ ਚੀਨ ਯਾਤਰਾ ਤੋਂ ਬਾਅਦ ਉਹ 15 ਤੋਂ 17 ਨਵੰਬਰ ਤੱਕ ਸੈਨ ਫਰਾਂਸਿਸਕੋ ਵਿੱਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਲੀਡਰਜ਼ ਫੋਰਮ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਪਰਤਣਗੇ।