Welcome to Perth Samachar
ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਜਨਮ ਦਿਨ ਦੀ ਪਾਰਟੀ ਦੌਰਾਨ ਨਕਾਬਪੋਸ਼ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਚਾਰ ਜਣਿਆਂ ਦੀ ਹੱਤਿਆ ਕਰ ਦਿਤੀ ਜਦਕਿ ਚਾਰ ਪੁਲਿਸ ਮੁਲਾਜ਼ਮਾਂ ਸਣੇ ਸੱਤ ਜ਼ਖਮੀ ਹੋ ਗਏ। ਪੁਲਿਸ ਵੱਲੋਂ ਸ਼ੱਕੀਆਂ ਦੀ ਸੂਹ ਦੇਣ ਵਾਲੇ ਨੂੰ 20 ਹਜ਼ਾਰ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।
ਕਿੰਗ ਸਿਟੀ ਪੁਲਿਸ ਨੇ ਦੱਸਿਆ ਕਿ ਤਿੰਨ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇਕ ਔਰਤ ਨੇ ਹਸਪਤਾਲ ਵਿਚ ਦਮ ਤੋੜਿਆ।
ਕਿੰਗ ਸਿਟੀ ਸ਼ਹਿਰ ਸੈਨ ਹੋਜ਼ੇ ਤੋਂ 170 ਕਿਲੋਮੀਟਰ ਦੱਖਣ ਵੱਲ ਸਥਿਤ ਹੈ ਅਤੇ ਸ਼ੱਕੀਆਂ ਦੇ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਵਿਚ ਦਾਖਲ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਉਧਰ ਜ਼ਖਮੀਆਂ ਵਿਚੋਂ ਦੋ ਜਣਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ ਪੰਜ ਜਣਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮ
ਰਨ ਵਾਲਿਆਂ ਵਿਚੋਂ ਤਿੰਨ ਦੀ ਉਮਰ 32 ਸਾਲ ਸੀ
ਜਦਕਿ ਇਕ 42 ਸਾਲ ਉਮਰ ਦਾ ਦੱਸਿਆ ਜਾ ਰਿਹਾ ਹੈ। ਮੁਢਲੇ ਤੌਰ ‘ਤੇ ਇਸ ਵਾਰਦਾਤ ਨੂੰ ਗੈਂਗਵਾਰ ਦਾ ਸਿੱਟਾ ਦੱਸਿਆ ਗਿਆ ਪਰ ਪੁਲਿਸ ਖੁੱਲ੍ਹ ਕੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ।
ਕਿੰਗ ਸਿਟੀ ਦੇ ਮੇਅਰ ਮਾਈਕ ਲੀਬਾਰ ਨੇ ਕਿਹਾ ਕਿ ਸਿਰਫ 14 ਹਜ਼ਾਰ ਦੀ ਆਬਾਦੀ ਵਾਲੇ ਕਸਬੇ ਵਿਚ ਇਹ ਵਾਰਦਾਤ ਕਿਸੇ ਤਰਾਸਦੀ ਤੋਂ ਘੱਟ ਨਹੀਂ। ਮਰਨ ਵਾਲਿਆਂ ਦੇ ਪਰਵਾਰਕ ਮੈਂਬਰਾਂ ਨਾਲ ਸਾਡੀ ਦਿਲੀ ਹਮਦਰਦੀ ਹੈ ਅਤੇ ਅਜਿਹੀਆਂ ਹਿੰਸਕ ਵਾਰਦਾਤਾਂ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।