Welcome to Perth Samachar
ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਪਰਮਾਨੰਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੱਗੇ ਆਸਟ੍ਰੇਲੀਆ ਤੋਂ ਛੁੱਟੀ ਆਏ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਤਾਏ ਦੇ ਬੇਟੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਚਾਰ ਮਹੀਨੇ ਪਹਿਲਾਂ ਛੁੱਟੀ ਆਇਆ ਸੀ।
ਉਹ ਆਸਟ੍ਰੇਲੀਆ ‘ਚ ਟਰਾਂਸਪੋਰਟ ਦਾ ਕੰਮ ਕਰਦਾ ਸੀ। ਬੀਤੇ ਕੱਲ੍ਹ ਉਹ ਅੰਮ੍ਰਿਤਸਰ ਆਪਣੇ ਸਾਲੇ ਨਾਲ ਵਿਆਹ ਵੇਖਣ ਗਿਆ ਹੋਇਆ ਸੀ। ਰਾਤ ਨੂੰ ਉਹ ਆਪਣੇ ਸਾਲੇ ਨੂੰ ਮਲਕਪੁਰ ਛੱਡ ਕੇ ਵਾਪਸ ਆ ਰਿਹਾ ਸੀ ਪਰ ਉਹ ਰਾਤ ਘਰ ਨਹੀਂ ਪੁੱਜਾ। ਉਨ੍ਹਾਂ ਨੂੰ ਸਵੇਰੇ ਕਿਸੇ ਦਾ ਫ਼ੋਨ ਆਇਆ ਕਿ ਹਰਦੇਵ ਸਿੰਘ ਉਮਰ 30 ਸਾਲ ਪਿੰਡ ਮੀਰਾਚੱਕ ਬਮਿਆਲ ਦੀ ਮ੍ਰਿਤਕ ਦੇਹ ਪਰਮਾਨੰਦ ਸਕੂਲ ਦੇ ਅੱਗੇ ਪਈ ਹੋਈ ਹੈ।
ਜਦੋਂ ਉਹ ਉੱਥੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਉਹਦੇ ਪੇਟ ‘ਚ ਗੋਲ਼ੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਮੌਕੇ ‘ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਮ੍ਰਿਤਕ ਦੀ ਦੇਹ ਕਬਜ਼ੇ ‘ਚ ਲੈ ਕੇ ਉਸਨੂੰ ਪੋਸਟਮਾਟਮ ਵਾਸਤੇ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।