Welcome to Perth Samachar
ਬੀਤੇ ਦਿਨੀਂ ਆਸਟ੍ਰੇਲੀਆ ਦੇ ਉੱਤਰੀ ਤੱਟ ‘ਤੇ ਹਾਦਸਾਗ੍ਰਸਤ ਹੋਏ ਅਮਰੀਕੀ ਜਹਾਜ਼ ਦੇ ਮਲਬੇ ‘ਚੋਂ ਤਿੰਨ ਅਮਰੀਕੀ ਮਰੀਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਖੋਜ ਮੁਹਿੰਮ ਜਾਰੀ ਹੈ। ਜਾਣਕਾਰੀ ਮੁਤਾਬਿਕ ਇਹ ਜਹਾਜ਼ ਆਸਟ੍ਰੇਲੀਆ ਦੇ ਉੱਤਰੀ ਖੇਤਰ (NT) ਦੇ ਤੱਟ ‘ਤੇ ਐਤਵਾਰ ਨੂੰ ਇੱਕ ਰੁਟੀਨ ਫ਼ੌਜੀ ਸਿਖਲਾਈ ਅਭਿਆਸ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ।
ਅਮਰੀਕੀ MV-22B ਓਸਪ੍ਰੇ ਜਹਾਜ਼ ਵਿੱਚ 23 ਕਰਮਚਾਰੀ ਸਵਾਰ ਸਨ। ਡਾਰਵਿਨ ਵਿੱਚ ਮਰੀਨ ਰੋਟੇਸ਼ਨਲ ਫੋਰਸ ਨੇ ਤਿੰਨ ਮਰੀਨਾਂ ਦੀ ਮੌਤ ਅਤੇ ਹੋਰ 20 ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ, ਜਿਨ੍ਹਾਂ ਵਿੱਚੋਂ ਪੰਜ ਨੂੰ ਇਲਾਜ ਲਈ ਰਾਇਲ ਡਾਰਵਿਨ ਹਸਪਤਾਲ ਲਿਜਾਇਆ ਗਿਆ।
ਕਰੈਸ਼ ਬਾਰੇ ਇੱਕ ਅਪਡੇਟ ਦਿੰਦੇ ਹੋਏ, NT ਪੁਲਿਸ ਕਮਿਸ਼ਨਰ ਮਾਈਕਲ ਮਰਫੀ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੇ ਤਿੰਨ ਅਮਰੀਕੀ ਮਰੀਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉਸ ਨੇ ਕਿਹਾ ਕਿ ਬਚਾਅ ਟੀਮਾਂ ਨੇ ਡਾਰਵਿਨ ਤੋਂ ਲਗਭਗ 60 ਕਿਲੋਮੀਟਰ ਉੱਤਰ ਵਿਚ ਮੇਲਵਿਲ ਆਈਲੈਂਡ ‘ਤੇ ਕੱਚੇ ਖੇਤਰ ਤੋਂ ਲਾਸ਼ਾਂ ਨੂੰ ਕੱਢਣ ਲਈ ਰਾਤ ਭਰ ਕੰਮ ਕੀਤਾ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਸ ਤੋਂ ਬਾਅਦ ਹੁਣ ਰੱਖਿਆ ਮੰਤਰੀ ਰਿਚਰਡ ਮਾਰਲੇਸ ਨੇ ਮ੍ਰਿਤਕਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ, ਅਤੇ ਸਰਕਾਰ ਵਲੋਂ ਕਿਸੇ ਵੀ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਅਮਰੀਕੀ ਰਾਜਦੂਤ ਕੈਰੋਲਿਨ ਕੈਨੇਡੀ ਦੇ ਨਾਲ ਸੰਪਰਕ ਬਣਾ ਕੇ ਰੱਖਿਆ ਜਾ ਰਿਹਾ ਹੈ।