ਆਸਟ੍ਰੇਲੀਆ ’ਚ ਬਣੇਗਾ ਦੁਨੀਆ ਦਾ ਸਭ ਤੋਂ ਉੱਚਾ ‘ਰਾਮ ਮੰਦਰ’, 600 ਕਰੋੜ ਆਵੇਗੀ ਲਾਗਤ

ਦੁਨੀਆ ਭਰ ਵਿਚ ਅਯੁੱਧਿਆ ਰਾਮ ਮੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਮੰਦਰ ਵਿੱਚ ਬਿਰਾਜਮਾਨ ਹੋਣ ਜਾ ਰਹੇ ਹਨ। ਜਿਸ ਦੇ ਚਲਦਿਆਂ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਵੀ ਰਾਮ ਮੰਦਰ ਦਾ ਨਿਰਮਾਣ ਹੋਣ ਜਾ ਰਿਹਾ ਹੈ। ਦੁਨੀਆ ਦਾ ਸਭ ਤੋਂ ਉੱਚਾ ਮੰਦਰ ਲਗਭਗ 721 ਫੁੱਟ ਦੀ ਉਚਾਈ ਵਾਲਾ ਹੋਵੇਗਾ।
ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਰਾਮ ਮੰਦਰ ਦਾ ਨਿਰਮਾਣ ਸ਼੍ਰੀ ਰਾਮ ਵੈਦਿਕ ਐਂਡ ਕਲਚਰਲ ਟਰੱਸਟ ਵੱਲੋਂ ਕੀਤਾ ਜਾਵੇਗਾ। ਸ੍ਰੀ ਸੀਤਾਰਾਮ ਟਰੱਸਟ ਦੇ ਉਪ ਮੁਖੀ ਡਾ: ਹਰਿੰਦਰ ਰਾਣਾ ਨੇ ਦੱਸਿਆ ਕਿ ਪਰਥ ਸ਼ਹਿਰ ਵਿੱਚ 150 ਏਕੜ ਜ਼ਮੀਨ ’ਤੇ 600 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਰਾਮ ਮੰਦਰ ਦਾ ਨਿਰਮਾਣ ਕੀਤਾ ਜਾਵੇਗਾ। ਇਸ ਟਰੱਸਟ ਦੇ ਚੇਅਰਮੈਨ ਡਾ: ਦਿਲਾਵਰ ਸਿੰਘ ਹਨ, ਜੋ ਪਿਛਲੇ 35 ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਹਨ।
ਸ਼੍ਰੀ ਰਾਮ ਵੈਦਿਕ ਐਂਡ ਕਲਚਰਲ ਟਰੱਸਟ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਇੱਕ ਵਫਦ ਸ਼੍ਰੀ ਰਾਮ ਮੰਦਰ ਦੇ ਦਰਸ਼ਨਾਂ ਲਈ ਅਯੁੱਧਿਆ ਆਵੇਗਾ। ਵਫ਼ਦ ਦੀ ਇਹ ਯਾਤਰਾ 27 ਫਰਵਰੀ ਨੂੰ ਪਰਥ ਤੋਂ ਸ਼ੁਰੂ ਹੋਵੇਗੀ। ਇਸ ਯਾਤਰਾ ਦਾ ਦਿੱਲੀ ਪਹੁੰਚਣ ‘ਤੇ ਸਵਾਗਤ ਕੀਤਾ ਜਾਵੇਗਾ।
ਆਸਟ੍ਰੇਲੀਆ ਦੇ ਰਾਮ ਮੰਦਰ ‘ਚ ਇਹ ਹੋਵੇਗਾ ਖ਼ਾਸ:-
- ਮੰਦਰ ਕੰਪਲੈਕਸ ਵਿੱਚ ਹਨੂੰਮਾਨ ਵਾਟਿਕਾ, ਸੀਤਾ ਵਾਟਿਕਾ, ਜਟਾਯੂ ਬਾਗ, ਸ਼ਬਰੀ ਵਣ, ਜਮਵੰਤ ਸਦਨ, ਨਲ ਨੀਲ ਟੈਕਨੀਕਲ ਅਤੇ ਗੁਰੂ ਵਸ਼ਿਸ਼ਠ ਗਿਆਨ ਕੇਂਦਰ ਹੋਣਗੇ।
- ਮੰਦਰ ਕੰਪਲੈਕਸ ਵਿੱਚ ਇੱਕ ਕੈਂਡਲ ਪੋਰਚ, ਚਿਤਰਕੂਟ ਵਾਟਿਕਾ, ਪੰਚਵਟੀ ਵਾਟਿਕਾ ਗਾਰਡਨ ਅਤੇ ਇੱਕ ਪ੍ਰਸਤਾਵਿਤ ਰਾਮ ਨਿਵਾਸ ਹੋਟਲ ਵੀ ਬਣਾਇਆ ਜਾਵੇਗਾ।
- ਮੰਦਰ ਵਿੱਚ ਸੀਤਾ ਰਸੋਈ ਰੈਸਟੋਰੈਂਟ, ਰਾਮਾਇਣ ਸਦਨ ਲਾਇਬ੍ਰੇਰੀ ਅਤੇ ਤੁਲਸੀਦਾਸ ਹਾਲ ਵਰਗੇ ਸੱਭਿਆਚਾਰਕ ਸਥਾਨ ਵੀ ਬਣਾਏ ਜਾਣਗੇ।
- ਮੰਦਰ ਕੰਪਲੈਕਸ ‘ਚ 55 ਏਕੜ ਜ਼ਮੀਨ ‘ਤੇ ਬਣੇਗੀ ਸਨਾਤਨ ਵੈਦਿਕ ਯੂਨੀਵਰਸਿਟੀ।
- ਇਸ ਦੇ ਨਾਲ ਹੀ ਹਨੂੰਮਾਨ ਵਾਟਿਕਾ ਵਿੱਚ ਹਨੂੰਮਾਨ ਦੀ 108 ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਜਾਵੇਗੀ।
- ਮੰਦਰ ਵਿੱਚ ਸ਼ਿਵ ਸਪਤ ਸਾਗਰ ਨਾਮ ਦਾ ਇੱਕ ਤਾਲਾਬ ਬਣਾਇਆ ਜਾਵੇਗਾ, ਜਿਸ ਵਿੱਚ ਭਗਵਾਨ ਸ਼ਿਵ ਦੀ 51 ਫੁੱਟ ਦੀ ਮੂਰਤੀ ਹੋਵੇਗੀ।
- ਮੰਦਰ ਵਿੱਚ ਇੱਕ ਯੋਗਾ ਕੋਰਟ, ਇੱਕ ਮੈਡੀਟੇਸ਼ਨ ਕੋਰਟ, ਇੱਕ ਵੇਦ ਲਰਨਿੰਗ ਕੇਂਦਰ, ਇੱਕ ਖੋਜ ਕੇਂਦਰ ਅਤੇ ਇੱਕ ਅਜਾਇਬ ਘਰ ਸਮੇਤ ਅਧਿਆਤਮਿਕ ਸਥਾਨ ਹੋਣਗੇ। ਮੰਦਰ ਵਿੱਚ ਤਕਨਾਲੋਜੀ ਗਾਰਡਨ ਵਰਗੇ ਖੇਤਰਾਂ ਦੇ ਨਾਲ ਕੁਝ ਤਕਨੀਕੀ ਪਹਿਲੂ ਵੀ ਸ਼ਾਮਲ ਹੋਣਗੇ।
- ਟਰੱਸਟ ਨੇ ਕਿਹਾ ਕਿ ਮੰਦਰ ਦੇ ਨਿਰਮਾਣ ‘ਚ ‘ਜ਼ੀਰੋ ਕਾਰਬਨ ਫੁੱਟਪ੍ਰਿੰਟ’ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ। ਬਾਇਓ-ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਇੱਕ ਸੂਰਜੀ ਊਰਜਾ ਪਲਾਂਟ ਵੀ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਗਿਆ ਹੈ।
- ਵੈਦਿਕ ਪੁਸਤਕਾਂ ਦੇ ਅਧਿਐਨ ਅਤੇ ਪ੍ਰਸਾਰ ਲਈ ਵਾਲਮੀਕਿ ਕੇਂਦਰ ਵੀ ਬਣਾਇਆ ਜਾਵੇਗਾ।