Welcome to Perth Samachar

ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ‘ਚ ਹੋਰ ਵਾਧਾ ਦੀ ਸੰਭਾਵਨਾ

ਜੂਨ ਵਿਚ ਪ੍ਰਾਪਤ ਅੰਕੜੇ ਦਰਸਾਉਂਦੇ ਹਨ ਕਿ ਭਾਵੇਂ ਇਸ ਅਰਸੇ ਵਿੱਚ 32,600 ਨੌਕਰੀਆਂ ਦਾ ਵਾਧਾ ਹੋਇਆ ਅਤੇ ਬੇਰੋਜ਼ਗਾਰੀ ਦਰ 3.5 ਪ੍ਰਤੀਸ਼ਤ ‘ਤੇ ਕਾਇਮ ਰਹੀ ਪਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਰ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲ ਸਕਦਾ ਹੈ।

ਮਾਹਿਰਾਂ ਮੁਤਾਬਕ ਆਉਣ ਵਾਲੇ ਮਹੀਨਿਆਂ ਵਿੱਚ ਬੇਰੋਜ਼ਗਾਰੀ ਦਰ ਦੇ ਵਧਣ ਦੀ ਸੰਭਾਵਨਾ ਇਸ ਲਈ ਹੈ ਕਿਉਂਕਿ ਉੱਚ ਵਿਆਜ ਦਰਾਂ ਕਾਰਨ ਮੰਗ ਵਿਚ ਵੱਡੀ ਘਾਟ ਨਜ਼ਰ ਆ ਰਹੀ ਹੈ ਜਿਸ ਕਾਰਨ ਭਵਿੱਖ ਵਿੱਚ ਕਾਰੋਬਾਰੀਆਂ ਨੂੰ ਕਾਮਿਆਂ ਦੀ ਘੱਟ ਲੋੜ ਪਵੇਗੀ।

ਕਈ ਅਗਾਂਹ-ਵਧੂ ਸੰਕੇਤਕ ਨੌਕਰੀਆਂ ਦੇ ਕਮਜ਼ੋਰ ਭਵਿੱਖ ਵੱਲ ਇਸ਼ਾਰਾ ਕਰ ਰਹੇ ਹਨ। ਦੂਜੀ ਤਿਮਾਹੀ ਵਿੱਚ ਖਾਲੀ ਅਸਾਮੀਆਂ ਵਿੱਚ ਆਪਣੇ ਸਿਖਰ ਤੋਂ 10 ਪ੍ਰਤੀਸ਼ਤ ਦੀ ਘਾਟ ਵੇਖਣ ਨੂੰ ਮਿਲ ਰਹੀ ਹੈ।

ਰਿਜ਼ਰਵ ਬੈਂਕ ਲੇਬਰ ਫੋਰਸ ਦੇ ਅੰਕੜਿਆਂ ਦਾ ਬਹੁਤ ਬਰੀਕੀ ਨਾਲ ਵਿਸ਼ਲੇਸ਼ਣ ਕਰਦਾ ਹੈ ਕਿਉਂਕਿ ਉਹ ਵੇਖਣਾ ਚਾਹੁੰਦਾ ਹੈ ਕਿ ਵੱਧੀਆਂ ਦਰਾਂ ਮਹਿੰਗਾਈ ਦਰ ਨੂੰ ਘਟਾਉਣ ਅਤੇ ਆਰਥਿਕ ਗਤੀਵਿਧੀਆਂ ਨੂੰ ਹੌਲੀ ਕਰਨ ਵਿਚ ਕਾਮਯਾਬ ਹੋ ਰਹੀਆਂ ਹਨ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਅਰਥਸ਼ਾਸਤਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਬੇਰੁਜ਼ਗਾਰੀ ਦੀ ਦਰ ਪਹਿਲਾਂ ਨਾਲੋਂ ਵੱਧ ਸਕਦੀ ਹੈ ਕਿਉਂਕਿ ਵਿਆਜ ਅਤੇ ਮਹਿੰਗਾਈ ਦਰ ‘ਚ ਵਾਧੇ ਦਾ ਪੂਰਾ ਪ੍ਰਭਾਵ ਅਜੇ ਅੰਕੜਿਆਂ ਵਿੱਚ ਵੇਖਣ ਨੂੰ ਨਹੀਂ ਮਿਲ ਰਿਹਾ।

Share this news