Welcome to Perth Samachar

ਇਜ਼ਰਾਈਲ ਪੁੱਜੇ ਅਮਰੀਕੀ ਰਾਸ਼ਟਰਪਤੀ, ਗਾਜ਼ਾ ਹਸਪਤਾਲ ਧਮਾਕੇ ਸਬੰਧੀ ਇਜ਼ਰਾਈਲ ਦੇ ਹੱਕ ‘ਚ ਵੱਡਾ ਬਿਆਨ

ਗਾਜ਼ਾ ਪੱਟੀ ਦੇ ਇੱਕ ਹਸਪਤਾਲ ਵਿੱਚ ਹੋਏ ਧਮਾਕੇ ਵਿਚ ਸੈਂਕੜੇ ਲੋਕਾਂ ਦੀ ਮੌਤ ਨੂੰ ਲੈ ਕੇ ਪੂਰੇ ਪੱਛਮੀ ਏਸ਼ੀਆ ਵਿੱਚ ਗੁੱਸਾ ਫੈਲ ਗਿਆ ਹੈ, ਜਿਸ ਕਾਰਨ ਇਜ਼ਰਾਈਲ-ਹਮਾਸ ਯੁੱਧ ਦੀ ਚੁਣੌਤੀ ਹੋਰ ਵੀ ਮੁਸ਼ਕਲ ਹੋ ਗਈ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਹਮਾਸ ਨਾਲ ਜੰਗ ਅਤੇ ਇਸ ਨੂੰ ਵਿਆਪਕ ਸੰਘਰਸ਼ ਵਿਚ ਤਬਦੀਲ ਹੋਣ ਤੋਂ ਰੋਕਣ ਲਈ ਕੂਟਨੀਤਕ ਪਹਿਲਕਦਮੀ ਦੇ ਤਹਿਤ ਬੁੱਧਵਾਰ ਨੂੰ ਇਜ਼ਰਾਈਲ ਪਹੁੰਚੇ।

ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਗਾਜ਼ਾ ਪੱਟੀ ਦੇ ਇੱਕ ਹਸਪਤਾਲ ਵਿੱਚ ਧਮਾਕਾ ਇਜ਼ਰਾਈਲ ਨੇ ਨਹੀਂ ਕੀਤਾ ਸੀ। ਬਾਈਡਨ ਨੇ ਇੱਕ ਬੈਠਕ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਕਿਹਾ, “ਜੋ ਮੈਂ ਦੇਖਿਆ ਹੈ, ਉਸ ਦੇ ਆਧਾਰ ‘ਤੇ ਅਜਿਹਾ ਲੱਗਦਾ ਹੈ ਕਿ ਇਹ ਕੰਮ ਤੁਸੀਂ ਨਹੀਂ, ਸਗੋਂ ਕਿਸੇ ਦੂਜੀ ਟੀਮ ਨੇ ਕੀਤਾ ਹੈ।” ਬਾਈਡਨ ਨੇ ਕਿਹਾ ਕਿ ਉਥੇ “ਬਹੁਤ ਸਾਰੇ ਲੋਕ” ਸਨ, ਜਿਨ੍ਹਾਂ ਨੂੰ ਨਹੀਂ ਪਤਾ ਹੈ ਕਿ ਧਮਾਕਾ ਕਿਸ ਕਾਰਨ ਹੋਇਆ ਹੈ।”

ਹਮਾਸ ਸ਼ਾਸਿਤ ਗਾਜ਼ਾ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਇਜ਼ਰਾਈਲ ਨੇ ਹਸਪਤਾਲ ‘ਤੇ ਹਵਾਈ ਹਮਲਾ ਕੀਤਾ ਹੈ। ਉਥੇ ਹੀ ਇਜ਼ਰਾਈਲ ਦੀ ਫੌਜ ਨੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਘਟਨਾ ਇੱਕ ਹੋਰ ਕੱਟੜਪੰਥੀ ਸਮੂਹ ਫਲਸਤੀਨ ਇਸਲਾਮਿਕ ਜੇਹਾਦ ਵੱਲੋਂ ਦਾਗੇ ਗਏ ਰਾਕੇਟ ਦਾ ਨਿਸ਼ਾਨਾ ਖੁੰਝਣ ਕਾਰਨ ਵਾਪਰੀ ਹੈ। ਹਾਲਾਂਕਿ ਇਸ ਸਮੂਹ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਹੈ।

ਬਾਈਡਨ ਨੇ ਇਜ਼ਰਾਈਲ ਵਿੱਚ ਰੁਕਣ ਤੋਂ ਬਾਅਦ ਜਾਰਡਨ ਜਾਣ ਦੀ ਯੋਜਨਾ ਬਣਾਈ ਸੀ, ਪਰ ਹਸਪਤਾਲ ਵਿੱਚ ਧਮਾਕੇ ਤੋਂ ਬਾਅਦ ਉੱਥੇ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬਾਈਡਨ ਹੁਣ ਸਿਰਫ਼ ਤੇਲ ਅਵੀਵ ਵਿੱਚ ਰੁਕਣਗੇ, ਜਿੱਥੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ, ਗਾਜ਼ਾ ਵਿੱਚ ਮਨੁੱਖੀ ਸਹਾਇਤਾ ਲਈ ਇੱਕ ਰਸਤਾ ਪ੍ਰਦਾਨ ਕਰਾਉਣ ‘ਤੇ ਜ਼ੋਰ ਦੇਣ ਦੀ ਸੰਭਾਵਨਾ ਹੈ।

Share this news