Welcome to Perth Samachar
ਕੈਨੇਡਾ ਦੇ ਲੈਂਗਲੀ ਮੈਮੋਰੀਅਲ ਪਾਰਕ ‘ਚ ਬਜ਼ੁਰਗ ‘ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਕ ਤਰ੍ਹਾਂ ਦੇ ਨਸਲੀ ਹਮਲੇ ਰਾਹੀਂ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੀੜਤ ਇੰਦਰਜੀਤ ਸਿੰਘ ਨੇ ਆਪਣੇ ‘ਤੇ ਹੋਏ ਇਸ ਹਮਲੇ ਬਾਰੇ ਦੱਸਿਆ ਕਿ ਕੰਮ ਤੋਂ ਘਰ ਆਉਣ ਤੋਂ ਬਾਅਦ ਜਦੋਂ ਉਹ ਲੈਂਗਲੀ ਪਾਰਕ ਗਏ ਤੇ ਜਦੋਂ ਉਥੋਂ ਬਾਹਰ ਨਿਕਲਣ ਲੱਗਣ ਤਾਂ 7-8 ਗੋਰੇ ਟੀਨਏਜਰ ਆਏ।
ਇਨ੍ਹਾਂ ਨੌਜਵਾਨਾਂ ‘ਚੋਂ ਇਕ ਨੇ ਉਨ੍ਹਾਂ ਦੀ ਦਾੜ੍ਹੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਨ੍ਹਾਂ ਨੇ ਧੱਕਾ ਮਾਰ ਦਿੱਤਾ। ਇਕ ਹੋਰ ਨੌਜਵਾਨ ਨੇ ਉਨ੍ਹਾਂ ਨੂੰ ਲੱਤ ਮਾਰਨ ਦੀ ਕੋਸ਼ਿਸ਼ ਕੀਤੀ ਤੇ ਬਾਕੀ ਦੇ ਮੁੰਡੇ ਵੀ ਪਿੱਛੋਂ ਦੀ ਆ ਗਏ। ਉਨ੍ਹਾਂ ਮੇਰਾ ਕੋਟ ਖਿੱਚਿਆ ਤੇ ਮੈਂ ਉਥੇ ਹੀ ਡਿੱਗ ਗਿਆ ਤੇ ਉਨ੍ਹਾਂ ਮੇਰੇ ਸਿਰ ‘ਤੇ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ ਪਰ ਮੈਂ ਪੱਗ ਨਹੀਂ ਲੱਥਣ ਦਿੱਤੀ।
ਬਜ਼ੁਰਗ ਇੰਦਰਜੀਤ ਸਿੰਘ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਇਨ੍ਹਾਂ ਮੁੰਡਿਆਂ ਦੀ ਉਮਰ ਮਹਿਜ਼ 15-16 ਸਾਲ ਲੱਗਦੀ ਸੀ। ਉਥੇ ਮੌਜੂਦ ਲੋਕਾਂ ਨੇ ਮੇਰੀ ਦੀ ਕੋਈ ਮਦਦ ਨਹੀਂ ਕੀਤੀ। ਜਿਹੜੇ ਕੁਝ ਭਾਰਤੀ ਲੋਕ ਉਥੇ ਸਨ, ਉਨ੍ਹਾਂ ਪੁਲਸ ਨੂੰ ਜ਼ਰੂਰ ਬੁਲਾ ਲਿਆ ਪਰ ਉਹ ਦੂਰੋਂ ਹੀ ਦੇਖਦੇ ਰਹੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਤਰ੍ਹਾਂ ਇਨ੍ਹਾਂ ਮੁੰਡਿਆਂ ਨੇ ਉਨ੍ਹਾਂ ਦੀ ਦਾੜ੍ਹੀ ਨੂੰ ਹੱਥ ਪਾਇਆ, ਉਸ ਨੂੰ ਦੇਖ ਕੇ ਉਹ ਕਹਿ ਸਕਦੇ ਹਨ ਕਿ ਇਹ ਨਸਲੀ ਹਮਲਾ ਹੀ ਸੀ।
ਇਸ ਹਮਲੇ ਵਿੱਚ ਉਨ੍ਹਾਂ ਦੀਆਂ ਕੁਝ ਪੱਸਲੀਆਂ ਟੁੱਟ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਇਸ ਬਾਰੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਇਹ ਹਮਲਾ ਮੇਰੇ ‘ਤੇ ਹੋਇਆ ਹੈ ਤਾਂ ਕੱਲ੍ਹ ਨੂੰ ਬਾਕੀਆਂ ‘ਤੇ ਵੀ ਹੋ ਸਕਦਾ ਹੈ। ਇਸ ਹਮਲੇ ਤੋਂ ਬਾਅਦ ਪੀੜਤ ਇੰਦਰਜੀਤ ਸਿੰਘ ਡਰੇ ਹੋਏ ਹਨ ਤੇ ਆਪਣੇ ਬੇਟੇ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਪਾਰਕ ‘ਚ ਜਾਣ ਤੋਂ ਗੁਰੇਜ਼ ਕਰ ਰਹੇ ਹਨ। ਇਸ ਹਮਲੇ ਤੋਂ ਬਾਅਦ ਪੁਲਸ ਵੱਲੋਂ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।