Welcome to Perth Samachar
ਕੈਨੇਡਾ: ਵੀਜ਼ਾ ਧੋਖਾਧੜੀ ਮਾਮਲੇ ਵਿਚ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੀ ਖੁਫੀਆ ਅਤੇ ਇਨਫੋਰਸਮੈਂਟ ਸ਼ਾਖਾ ਨੇ ਖੁਲਾਸਾ ਕੀਤਾ ਹੈ ਕਿ ਲੋਕਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ ‘ਤੇ ਉਨ੍ਹਾਂ ਨੇ ਸ਼ੁਰੂਆਤੀ ਤੌਰ ‘ਤੇ 2,000 ਤੋਂ ਵੱਧ ਮਾਮਲਿਆਂ ਦੀ ਪਛਾਣ ਕੀਤੀ ਸੀ, ਜਿੱਥੇ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਹੁਣ ਉਨ੍ਹਾਂ ਨੇ ਅਜਿਹੇ ਸ਼ੱਕੀ ਮਾਮਲਿਆਂ ਨੂੰ 300 ਤੱਕ ਸੀਮਤ ਕਰ ਦਿੱਤਾ ਹੈ।
ਧੋਖਾਧੜੀ ਦਾ ਸ਼ਿਕਾਰ ਹੋਏ ਕੁਝ ਵਿਦਿਆਰਥੀਆਂ ਨੇ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਮਾਰਕੋ ਈ ਐਲ ਮੇਂਡੀਸੀਨੋ ਨੂੰ 8 ਜੂਨ ਨੂੰ ਇਕ ਚਿੱਠੀ ਭੇਜੀ ਸੀ। ਇਸ ਚਿੱਠੀ ਦਾ ਜਵਾਬ ਦਿੰਦੇ ਹੋਏ ਸ਼ਾਖਾ ਦੇ ਉਪ-ਪ੍ਰਧਾਨ ਐਰੋਨ ਮੈਕਰੋਰੀ ਨੇ ਉਕਤ ਅੰਕੜਿਆਂ ਦਾ ਖੁਲਾਸਾ ਕੀਤਾ। ਅੰਕੜਿਆਂ ਮੁਤਾਬਕ “2018 ਵਿੱਚ CBSA ਸੰਗਠਿਤ ਅਪਰਾਧ ਸਮੂਹਾਂ ਦੀ ਜਾਂਚ ਕਰ ਰਿਹਾ ਸੀ ਅਤੇ ਵਿਦਿਆਰਥੀਆਂ ਦੇ ਸਕੂਲ ਨਾ ਜਾਣ ਅਤੇ ਅਪਰਾਧਿਕਤਾ ਅਤੇ ਗੈਂਗਾਂ ਵਿੱਚ ਸ਼ਾਮਲ ਹੋਣ ਦੇ ਮੁੱਦਿਆਂ ਤੋਂ ਜਾਣੂ ਹੋਇਆ ਸੀ। ਇਸ ਨਾਲ ਪੁੱਛਗਿੱਛ ਦੀਆਂ ਨਵੀਆਂ ਲਾਈਨਾਂ ਸ਼ੁਰੂ ਹੋਈਆਂ।
ਮਾਰਕੋ ਦੀ ਯੋਜਨਾ
ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਦੇ ਸਹਿਯੋਗ ਨਾਲ CBSA ਨੇ ਉਹਨਾਂ ਮਾਮਲਿਆਂ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਲਗਭਗ 300 ਮਾਮਲਿਆਂ ਤੱਕ ਸੀਮਤ ਕਰ ਦਿੱਤਾ। ਮੈਕਰੋਰੀ ਨੇ ਪੱਤਰ ਵਿਚ ਲਿਖਿਆ ਕਿ CBSA ਆਪਣੇ ਸਾਹਮਣੇ ਕਿਸੇ ਵੀ ਮਾਮਲੇ ਨੂੰ ਤੱਥਾਂ ਦੇ ਆਧਾਰ ‘ਤੇ ਕੇਸ-ਦਰ-ਕੇਸ ਦੇਖਦੀ ਹੈ। ਇਹਨਾਂ 300 ਸ਼ੱਕੀ ਮਾਮਲਿਆਂ ਵਿਚ ਅਸਲ ਵਿਦਿਆਰਥੀਆਂ ਤੋਂ ਲੈ ਕੇ ਉਨ੍ਹਾਂ ਲੋਕਾਂ ਤੱਕ ਜੋ ਕਥਿਤ ਤੌਰ ‘ਤੇ ਇਸ ਸਕੀਮ ਵਿੱਚ ਸ਼ਾਮਲ ਸਨ ਅਤੇ ਜਿਨ੍ਹਾਂ ਨੇ ਕੈਨੇਡਾ ਵਿੱਚ ਦਾਖਲ ਹੋਣ ਲਈ ਸਿਸਟਮ ਦਾ ਕਥਿਤ ਤੌਰ ‘ਤੇ ਫਾਇਦਾ ਉਠਾਇਆ ਹੈ ਹਾਲਾਤ ਵੱਖ-ਵੱਖ ਹਨ।
ਉਹਨਾਂ ਨੇ ਅੱਗੇ ਲਿਖਿਆ ਕਿ ਜਿਵੇਂ ਕਿ ਜੂਨ ਵਿੱਚ ਘੋਸ਼ਣਾ ਕੀਤੀ ਗਈ ਸੀ ਕਿ IRCC ਅਧਿਕਾਰੀਆਂ ਦੀ ਇੱਕ ਟਾਸਕ ਫੋਰਸ ਹਰੇਕ ਕੇਸ ਦੇ ਖਾਸ ਹਾਲਾਤ ਦਾ ਮੁਲਾਂਕਣ ਕਰਕੇ ਅਸਲੀ ਵਿਦਿਆਰਥੀਆਂ ਦੀ ਪਛਾਣ ਕਰਨ ਲਈ CBSA ਨਾਲ ਮਿਲ ਕੇ ਕੰਮ ਕਰ ਰਹੀ ਸੀ। ਉਸਨੇ ਅੱਗੇ ਕਿਹਾ ਜਿਹੜੇ ਲੋਕ ਸਹੀ ਪਾਏ ਜਾਂਦੇ ਹਨ, ਉਨ੍ਹਾਂ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦੇਣ ਲਈ ਇੱਕ ਅਸਥਾਈ ਨਿਵਾਸੀ ਪਰਮਿਟ ਜਾਰੀ ਕੀਤਾ ਜਾ ਸਕਦਾ ਹੈ।