Welcome to Perth Samachar
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੰਸਦ ਵਿੱਚ ਥੈਲੀਡੋਮਾਈਡ ਭਾਵ ਗਰਭ ਅਵਸਥਾ ਦੌਰਾਨ ਖਰਾਬ ਦਵਾਈ ਦੇਣ ਦੇ ਮਾਮਲੇ ਵਿਚ ਪੀੜਤਾਂ ਕੋਲੋਂ ਮੁਆਫ਼ੀ ਮੰਗੀ ਹੈ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਮੋਰਨਿੰਗ ਸਿਕਨੈੱਸ ਦਵਾਈ ਪ੍ਰਭਾਵਿਤ ਮਾਵਾਂ ਅਤੇ ਬੱਚਿਆਂ ਦੋਵਾਂ ਦੀ ਮਦਦ ਕਰਨ ਵਿੱਚ ਅਸਫਲ ਰਹੀ ਹੈ।
ਉਸ ਨੇ ਕਿਹਾ,“ਅਸੀਂ ਸਮਝਦੇ ਹਾਂ ਕਿ ਮੁਆਫ਼ੀ ਮੰਗਣ ਨਾਲ ਸਾਲਾਂ ਦੀ ਅਯੋਗਤਾ ਅਤੇ ਨਾਕਾਫ਼ੀ ਸਹਾਇਤਾ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਅਸੀਂ ਜਾਣਦੇ ਹਾਂ ਕਿ ਥੈਲੀਡੋਮਾਈਡ ਦੇ ਮਾੜੇ ਪ੍ਰਭਾਵ ਅੱਜ ਵੀ ਮਰੀਜ਼ਾਂ ਵਿੱਚ ਮਹਿਸੂਸ ਕੀਤੇ ਜਾਂਦੇ ਹਨ।”
ਆਸਟ੍ਰੇਲੀਆ ਵਿੱਚ ਥੈਲੀਡੋਮਾਈਡ ਬਾਰੇ 2019 ਦੀ ਸੈਨੇਟ ਦੀ ਜਾਂਚ ਵਿੱਚ ਪਾਇਆ ਗਿਆ ਕਿ 1961 ਵਿੱਚ ਵਾਪਰੀ ਘਟਨਾ ਦੇ ਸਮੇਂ ਤੁਰੰਤ ਕਾਰਵਾਈ ਨਾਲ 20 ਪ੍ਰਤੀਸ਼ਤ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਸੀ। ਜਾਂਚ ਦੌਰਾਨ ਰਾਸ਼ਟਰੀ ਮੁਆਫ਼ੀ ਮੰਗਣ ਦੀ ਸਿਫਾਰਿਸ਼ ਕੀਤੀ ਗਈ ਸੀ। ਆਸਟ੍ਰੇਲੀਆ ਵਿਚ ਥੈਲੀਡੋਮਾਈਡ ਤੋਂ ਬਚੇ 146 ਰਜਿਸਟਰਡ ਲੋਕ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸੰਸਦ ਵਿਚ ਮੌਜੂਦ ਸਨ ਜਦੋਂ ਮੁਆਫ਼ੀ ਮੰਗੀ ਗਈ ਸੀ।
ਇਹ ਧਿਆਨ ਦੇਣ ਯੋਗ ਹੈ ਕਿ 2015 ਵਿੱਚ ਏਬਰਡੀਨ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ ਥੈਲੀਡੋਮਾਈਡ ਕਾਰਨ 1950 ਅਤੇ 1960 ਦੇ ਦਹਾਕੇ ਵਿੱਚ ਵਿਸ਼ਵ ਪੱਧਰ ‘ਤੇ ਗੰਭੀਰ ਜਨਮ ਨੁਕਸ ਦੇ 10,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਇਸ ਕਾਰਨ ਗਰਭਪਾਤ ਦੀ ਦਰ ਵੀ ਵਧੀ।
ਜ਼ਿਕਰਯੋਗ ਹੈ ਕਿ 62 ਸਾਲ ਪਹਿਲਾਂ ਆਸਟ੍ਰੇਲੀਆ ਵਿਚ ਥੈਲੀਡੋਮਾਈਡ ਨੂੰ ਜਨਮ ਦੋਸ਼ਾਂ ਨਾਲ ਨਾਲ ਜੁੜੇ ਹੋਣ ਤੋਂ ਬਾਅਦ ਆਸਟ੍ਰੇਲੀਆ ਵਿਚ ਇਸ ਦਵਾਈ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਅਲਬਾਨੀਜ਼ ਨੇ ਘੋਸ਼ਣਾ ਕੀਤੀ ਕਿ ਸਰਕਾਰ ਦਵਾਈ ਲੈਣ ਤੋਂ ਬਾਅਦ ਬਚੇ ਲੋਕਾਂ ਲਈ ਇੱਕ ਸਹਾਇਤਾ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰੇਗੀ।