Welcome to Perth Samachar

ਟਰੇਨਿੰਗ ਡ੍ਰਿਲ ਦੌਰਾਨ ਆਸਟ੍ਰੇਲੀਆ ‘ਚ ਹੋਇਆ ਜਹਾਜ਼ ਹਾਦਸਾ, 3 ਅਮਰੀਕੀ ਸੈਨਿਕਾਂ ਦੀ ਹੋਈ ਮੌਤ

ਆਸਟ੍ਰੇਲੀਆ ਦੇ ਪੂਰਬੀ ਖੇਤਰ ਦੇ ਟਿਵੀ ਟਾਪੂ ‘ਤੇ ਐਤਵਾਰ ਸਵੇਰੇ ਇਕ ਜਹਾਜ਼ ਹਾਦਸੇ ਵਿਚ ਤਿੰਨ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 20 ਹੋਰ ਜ਼ਖਮੀ ਹੋ ਗਏ। ਇਹ ਸੈਨਿਕ ਇੱਕ ਟਰੇਨਿੰਗ ਡ੍ਰਿਲ ਵਿੱਚ ਹਿੱਸਾ ਲੈ ਰਹੇ ਸਨ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ “ਰੱਖਿਆ ਵਿਭਾਗ ਘਟਨਾ ‘ਤੇ ਤੁਰੰਤ ਜਵਾਬ ਦੇਣ ਲਈ ਕੰਮ ਕਰ ਰਿਹਾ ਹੈ। ਇਹ ਇੱਕ ਦੁਖਦ ਹਾਦਸਾ ਹੈ ਅਤੇ ਅਸੀਂ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਾਂ।”

US ਮਰੀਨ ਕੋਰ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਜਿਹੜੇ ਜਹਾਜ਼ ਹਾਦਸੇ ਵਿਚ ਸੈਨਿਕਾਂ ਦੀ ਮੌਤ ਹੋਈ ਹੈ, ਉਹ ਬੋਇੰਗ MV-22B ਓਸਪ੍ਰੇ ਟਿਲਟ-ਰੋਟਰ ਏਅਰਕ੍ਰਾਫਟ ਹੈ। ਇਸ ਵਿਚ 23 ਅਮਰੀਕੀ ਫ਼ੌਜੀ ਸਵਾਰ ਸਨ, ਜੋ ਡਾਰਵਿਨ ਵਿਚ ਤਾਇਨਾਤ ਹਨ ਅਤੇ ਆਸਟ੍ਰੇਲੀਆ ਅਤੇ ਫਿਲੀਪੀਨਜ਼ ਦੀਆਂ ਫ਼ੌਜਾਂ ਨਾਲ ਅਭਿਆਸ ਵਿਚ ਹਿੱਸਾ ਲੈ ਰਹੇ ਸਨ। ਅੱਜ ਸਵੇਰੇ ਅਭਿਆਸ ਦੌਰਾਨ ਉਹਨਾਂ ਦਾ ਜਹਾਜ਼ ਕਰੈਸ਼ ਹੋ ਗਿਆ।

ਮਰੀਨ ਕੋਰ ਦੇ ਬੁਲਾਰੇ ਅਨੁਸਾਰ ਤਿੰਨ ਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ, ਜਦਕਿ ਪੰਜ ਹੋਰ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ ਰਾਇਲ ਡਾਰਵਿਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਆਸਟ੍ਰੇਲੀਅਨ ਪੁਲਿਸ ਮੁਤਾਬਿਕ ਇਸ ਘਟਨਾ ਵਿੱਚ ਸਿਰਫ ਅਮਰੀਕੀ ਫ਼ੌਜੀ ਹੀ ਸ਼ਾਮਲ ਸਨ ਅਤੇ ਅਭਿਆਸ ਵਿੱਚ ਕੋਈ ਵੀ ਆਸਟ੍ਰੇਲੀਆਈ ਫ਼ੌਜੀ ਜਾਂ ਸੁਰੱਖਿਆ ਅਧਿਕਾਰੀ ਜ਼ਖਮੀ ਨਹੀਂ ਹੋਇਆ।

Share this news