Welcome to Perth Samachar
ਮੈਲਬੌਰਨ ਦੇ ਟਾਰਨੇਟ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਲਾਕੇ ਦੇ ਪਾਰਕ ਵਿੱਚ ਦੋਸਤਾਂ ਨਾਲ ਬਾਸਕਟਬਾਲ ਖੇਡ ਰਹੇ ਰਿਆਨ ਸਿੰਘ ਉੱਤੇ ਕੁੱਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ।
ਇਸ ਹਮਲੇ ਤੋਂ ਪਹਿਲਾਂ ਦੋਸ਼ੀਆਂ ਨੇ ਰਿਆਨ ਤੋਂ ਕੁੱਝ ਚੀਜ਼ਾਂ ਦੀ ਮੰਗ ਕੀਤੀ ਪਰ ਉਹ ਚੀਜ਼ਾਂ ਹਾਸਲ ਹੋਣ ਤੋਂ ਬਾਅਦ ਵੀ ਹਮਲਾਵਰਾਂ ਨੇ ਰਿਆਨ ਉੱਤੇ ਕਰੀਬ 9 ਵਾਰ ਚਾਕੂਆਂ ਨਾਲ ਵਾਰ ਕੀਤਾ।
ਰਿਆਨ ਨੂੰ ਕਾਫੀ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਸਦੇ ਦੋਸਤਾਂ ਦੇ ਵੀ ਕੁੱਝ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਵੀ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ ਰਿਆਨ ਦੇ ਮਾਤਾ-ਪਿਤਾ ਸਣੇ ਪੂਰੇ ਭਾਈਚਾਰੇ ਵਿੱਚ ਕਾਫੀ ਗੁੱਸਾ ਅਤੇ ਡਰ ਹੈ। ਮੈਲਬੌਰਨ ਤੋਂ ਫਿੱਟਨੈਸ ਲਈ ਮਸ਼ਹੂਰ ਕਮਲਦੀਪ ਸਿੰਘ ਕਾਹਮਾ ਪਰਿਵਾਰ ਦਾ ਸਾਥ ਦੇਣ ਲਈ ਭਾਈਚਾਰੇ ਨੂੰ ਅੱਗੇ ਆਉਣ ਦਾ ਸੱਦਾ ਦੇ ਰਹੇ ਹਨ। ਉਹਨਾਂ ਵਲੋਂ ਪਰਿਵਾਰ ਅਤੇ ਭਾਈਚਾਰੇ ਨਾਲ ਮਿਲ ਕੇ 12 ਅਗਸਤ ਨੂੰ ਘਟਨਾ ਵਾਲੀ ਥਾਂ ਉੱਤੇ ਇਕੱਠ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਸ ਇਕੱਠ ਦਾ ਮਕਸਦ ਸਰਕਾਰ ਨੂੰ ਦੋਸ਼ੀਆਂ ਖਿਲ਼ਾਫ ਸਖ਼ਤ ਕਾਰਵਾਈ ਕਰਨ ਲਈ ਮਜ਼ਬੂਰ ਕਰਨਾ ਹੈ ਤਾਂ ਜੋ ਅਜਿਹੀ ਘਟਨਾ ਦੋਬਾਰਾ ਨਾ ਵਾਪਰੇ। ਪੁਲਿਸ ਵਲੋਂ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਅਤੇ ਅਗਲੇਰੀ ਕਾਰਵਾਈ ਅਜੇ ਜਾਰੀ ਹੈ।
ਜ਼ਿਕਰਯੋਗ ਹੈ ਕਿ 27 ਜੁਲਾਈ ਵੀਰਵਾਰ ਦੀ ਸ਼ਾਮ ਨੂੰ ਆਪਣਾ 16ਵਾਂ ਜਨਮਦਿਨ ਮਨਾ ਰਹੇ ਰਿਆਨ ਸਿੰਘ ਅਤੇ ਉਸਦੇ 2 ਦੋਸਤਾਂ ਨੂੰ ਪਾਰਕ ਵਿੱਚ ਬਾਸਕਟਬਾਲ ਖੇਡਦੇ ਸਮੇਂ ਕੁੱਝ ਵਿਅਕਤੀਆਂ ਵਲੋਂ ਲੁੱਟ ਘਸੁੱਟ ਕਰਨ ਤੋਂ ਬਾਅਦ ਜਾਨਲੇਵਾ ਹਮਲੇ ਦੌਰਾਨ ਕਰੀਬ 9 ਵਾਰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕੀਤਾ ਗਿਆ ਸੀ।