Welcome to Perth Samachar
ਨਿਊਜ਼ੀਲੈਂਡ ਦੇ ਲੋਕਾਂ ਨੇ ਇਸ ਵਾਰ ਬਦਲਾਅ ਨੂੰ ਵੋਟ ਪਾਈ ਹੈ, ਜਿਸ ਕਾਰਨ 6 ਸਾਲਾਂ ਬਾਅਦ ਪਿਛਲੀ ਜਸਿੰਡਾ ਆਰਡਰਨ ਦੀ ਸਰਕਾਰ ਦੀ ਜਗ੍ਹਾ ਹੁਣ ਨਵੇਂ ਪ੍ਰਧਾਨ ਮੰਤਰੀ ਦੇ ਹੱਥ ਦੇਸ਼ ਦੀ ਵਾਗਡੋਰ ਹੋਵੇਗੀ। ਸਾਬਕਾ ਬਿਜ਼ਨਸਮੈਨ ਕ੍ਰਿਸਟੋਫਰ ਲਗਜ਼ਨ ਨੇ ਚੋਣਾਂ ਜਿੱਤ ਲਈਆਂ ਹਨ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਵੋਟਾਂ ਦੀ ਕੁੱਲ ਗਿਣਤੀ ਫਿਲਹਾਲ ਸਾਹਮਣੇ ਨਹੀਂ ਆਈ ਕਿਉਂਕਿ ਵੋਟਾਂ ਦੀ ਗਿਣਤੀ ਹਾਲੇ ਚੱਲ ਰਹੀ ਹੈ।
ਲਗਜ਼ਨ ਦਾ ਆਕਲੈਂਡ ਵਿਖੇ ਰੱਖੇ ਗਏ ਇਕ ਪ੍ਰੋਗਰਾਮ ‘ਚ ਸ਼ਾਨਦਾਰ ਸਵਾਗਤ ਕੀਤਾ ਗਿਆ ਜਿੱਥੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਉਹ ਹੁਣ ਲੋਕਾਂ ਵੱਲੋਂ ਦਿੱਤੀ ਗਈ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਕਾਫ਼ੀ ਉਤਸਾਹਿਤ ਹਨ ਤੇ ਉਨ੍ਹਾਂ ਨੂੰ ਜਿਤਾਉਣ ਲਈ ਪੂਰੇ ਦੇਸ਼ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ, ”ਤੁਸੀਂ ਉਮੀਦ ਨਾਲ ਆਏ ਹੋ ਅਤੇ ਬਦਲਾਅ ਲਈ ਉਨ੍ਹਾਂ ਨੂੰ ਚੁਣਿਆ ਹੈ।” ਉਨ੍ਹਾਂ ਦੇ ਸਮਰਥਕਾਂ ਨੇ ਉੱਚੀ ਆਵਾਜ਼ ‘ਚ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
9 ਮਹੀਨੇ ਤੱਕ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਰਹਿਣ ਵਾਲੇ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਨਤੀਜਿਆਂ ਦੀ ਉਮੀਦ ਨਹੀਂ ਸੀ। ਉਨ੍ਹਾਂ ਵੈਲਿੰਗਟਨ ਵਿਖੇ ਇਕ ਇਵੈਂਟ ਦੌਰਾਨ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ 6 ਸਾਲ ਦੌਰਾਨ ਕੀਤੇ ਗਏ ਕੰਮਾਂ ‘ਤੇ ਉਨ੍ਹਾਂ ਨੂੰ ਮਾਣ ਹੋਣਾ ਚਾਹੀਦਾ ਹੈ।
ਨਿਊਜ਼ੀਲੈਂਡ ਦੇ ਵੋਟਿੰਗ ਸਿਸਟਮ ਅਨੁਸਾਰ ਲਗਜ਼ਨ ਲਿਬਰੇਸ਼ਨ ਏ.ਸੀ.ਟੀ. ਪਾਰਟੀ ਨਾਲ ਗਠਜੋੜ ਕਰ ਸਕਦੇ ਹਨ। ਜ਼ਿਆਦਾਤਰ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ, ਜਿਸ ਅਨੁਸਾਰ ਲਗਜ਼ਨ ਦੀ ਨੈਸ਼ਨਲ ਪਾਰਟੀ 40 ਫ਼ੀਸਦੀ ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਜਦਕਿ ਹਿਪਕਿਨਸ ਦੇ ਹਿੱਸੇ ਸਿਰਫ਼ 25 ਫ਼ੀਸਦੀ ਦੇ ਕਰੀਬ ਹੀ ਵੋਟਾਂ ਆਈਆਂ ਹਨ, ਜੋ ਕਿ ਆਰਡਰਨ ਨੂੰ ਪਿਛਲੀਆਂ ਚੋਣਾਂ ਦੌਰਾਨ ਮਿਲੀਆਂ ਵੋਟਾਂ ਤੋਂ ਅੱਧੀਆਂ ਹਨ।