Welcome to Perth Samachar
ਪਾਕਿਸਤਾਨ ‘ਚ ਭਾਰੀ ਮੀਂਹ ਅਤੇ ਖਰਾਬ ਮੌਸਮ ਕਾਰਨ 76 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 133 ਲੋਕ ਜ਼ਖਮੀ ਹਨ। ਮਰਨ ਵਾਲਿਆਂ ਵਿੱਚ 31 ਬੱਚੇ ਵੀ ਸ਼ਾਮਲ ਹਨ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਇਹ ਜਾਣਕਾਰੀ ਦਿੱਤੀ ਕਿ ਪਿਛਲੇ 24 ਘੰਟਿਆਂ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਮੀਂਹ ਕਾਰਨ 78 ਘਰ ਵੀ ਤਬਾਹ ਹੋ ਗਏ ਹਨ।
ਮੀਂਹ ਦਾ ਸਭ ਤੋਂ ਵੱਧ ਅਸਰ ਪਾਕਿਸਤਾਨ ਦੇ ਪੰਜਾਬ ਸੂਬੇ ‘ਤੇ ਪਿਆ ਹੈ, ਜਿੱਥੇ 48 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਮੀਂਹ ਨੇ ਪਿਛਲੇ 30 ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ, ਇੱਕ ਦਿਨ ਵਿੱਚ 291 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਦੂਜੇ ਪਾਸੇ 6 ਜੁਲਾਈ ਨੂੰ ਲਾਹੌਰ ‘ਚ ਹੋਈ ਬਾਰਿਸ਼ ‘ਚ ਸੜਕ ‘ਤੇ ਖੜ੍ਹੇ ਵਾਹਨ ਵੀ ਡੁੱਬ ਗਏ ਸਨ।
ਦੂਜੇ ਪਾਸੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਜ਼ਮੀਨ ਖਿਸਕਣ ਕਾਰਨ ਕ੍ਰਿਕਟ ਖੇਡ ਰਹੇ 8 ਬੱਚਿਆਂ ਦੀ ਮੌਤ ਹੋ ਗਈ। ਇੱਥੇ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 20 ਹੋ ਗਈ ਹੈ। ਮੀਂਹ ਕਾਰਨ ਇਹ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਦੱਸਿਆ ਜਾ ਰਿਹਾ ਹੈ। ਇਮਾਰਤਾਂ ਡਿੱਗਣ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ।
ਵਿਗਿਆਨੀਆਂ ਮੁਤਾਬਕ, ਪਾਕਿਸਤਾਨ ‘ਚ ਮੌਸਮੀ ਬਦਲਾਅ ਕਾਰਨ ਮੌਸਮੀ ਬਾਰਸ਼ ਵਧ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪਾਕਿਸਤਾਨ ਵਿੱਚ ਬਰਸਾਤ ਦੇ ਮੌਸਮ ਵਿਚ ਹੜ੍ਹਾਂ ਕਾਰਨ 1700 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ 33 ਲੱਖ ਲੋਕਾਂ ਦੀ ਜ਼ਿੰਦਗੀ ‘ਤੇ ਇਸ ਦਾ ਅਸਰ ਪਿਆ।