Welcome to Perth Samachar
ਆਸਟ੍ਰੇਲੀਆ ਸਰਕਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ 9 ਅਤੇ 10 ਸਤੰਬਰ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਹੋਣ ਵਾਲੇ ਜੀ-20 ਸੰਮੇਲਨ ਵਿਚ ਹਿੱਸਾ ਲੈਣਗੇ। ਸ਼੍ਰੀਮਾਨ ਅਲਬਾਨੀਜ਼ ਦਾ ਭਾਰਤ ਦੌਰਾ ਉਨ੍ਹਾਂ ਦੇ 3 ਦੇਸ਼ਾਂ ਦੇ ਦੌਰੇ ਦਾ ਹਿੱਸਾ ਹੋਵੇਗਾ। ਭਾਰਤ ਤੋਂ ਇਲਾਵਾ ਸ਼੍ਰੀਮਾਨ ਅਲਬਾਨੀਜ਼ ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਦਾ ਵੀ ਦੌਰਾ ਕਰਨਗੇ।
ਆਸਟ੍ਰੇਲੀਆਈ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ, “9 ਅਤੇ 10 ਸਤੰਬਰ ਨੂੰ ਪ੍ਰਧਾਨ ਮੰਤਰੀ ਨਵੀਂ ਦਿੱਲੀ ਵਿੱਚ ਜੀ-20 ਨੇਤਾਵਾਂ ਦੇ ਸੰਮੇਲਨ ਵਿੱਚ ਹਿੱਸਾ ਲੈਣਗੇ। ਜੀ-20 ਵਿਸ਼ਵ ਆਰਥਿਕ ਸਹਿਯੋਗ ਲਈ ਵਿਸ਼ਵ ਦਾ ਪ੍ਰਮੁੱਖ ਮੰਚ ਹੈ ਅਤੇ ਇਸ ਵਿੱਚ ਸ਼ਾਮਲ ਹੋਣ ਵਾਲੇ ਆਗੂ ਵਿਸ਼ਵ ਅਰਥਚਾਰੇ ਨੂੰ ਮਜ਼ਬੂਤ, ਟਿਕਾਊ ਅਤੇ ਲਚਕੀਲੇ ਵਿਕਾਸ ਵੱਲ ਮੋੜਨ ‘ਤੇ ਧਿਆਨ ਕੇਂਦਰਿਤ ਕਰਨਗੇ।”
ਸ਼੍ਰੀਮਾਨ ਅਲਬਾਨੀਜ਼ ਨੇ ਕਿਹਾ, “ਇਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਕਿ ਆਸਟ੍ਰੇਲੀਆ ਸਾਂਝੀਆਂ ਚੁਣੌਤੀਆਂ ਅਤੇ ਮੌਕਿਆਂ ਨੂੰ ਹੱਲ ਕਰਨ ਲਈ ਜੀ-20 ਵਰਗੇ ਬਹੁਪੱਖੀ ਆਰਥਿਕ ਮੰਚਾਂ ਸਮੇਤ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਆਸਟ੍ਰੇਲੀਆ ਨੇ ਵਿਕਾਸ ਅਤੇ ਖੁਸ਼ਹਾਲੀ, ਸਥਿਰਤਾ ਅਤੇ ਪ੍ਰਭੂਸੱਤਾ ਅਤੇ ਸਥਾਈ ਸ਼ਾਂਤੀ ਲਈ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਨਿਵੇਸ਼ ਕੀਤਾ ਹੈ ਅਤੇ ਉਹ ਇਸ ਵਚਨਬੱਧ ਹੈ।”
ਜੀ-20 ਵਿਸ਼ਵ ਦੀਆਂ ਪ੍ਰਮੁੱਖ ਵਿਕਸਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਇੱਕ ਮੰਚ ਹੈ। ਇਸ ਦੇ ਮੈਂਬਰ ਗਲੋਬਲ ਜੀਡੀਪੀ ਦਾ ਲਗਭਗ 85 ਫ਼ੀਸਦੀ, ਗਲੋਬਲ ਵਪਾਰ ਦਾ 75 ਫ਼ੀਸਦੀ ਤੋਂ ਵੱਧ ਅਤੇ ਵਿਸ਼ਵ ਆਬਾਦੀ ਦੇ ਲਗਭਗ ਦੋ-ਤਿਹਾਈ ਹਿੱਸੇ ਦੀ ਨੁਮਾਇੰਦਗੀ ਕਰਦੇ ਹਨ।
ਜ਼ਿਕਰਯੋਗ ਹੈ ਕਿ ਜੀ-20 ਸਮੂਹ ਵਿੱਚ ਭਾਰਤ, ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਬ੍ਰਿਟੇਨ, ਅਮਰੀਕਾ, ਅਤੇ ਯੂਰਪੀਅਨ ਯੂਨੀਅਨ ਸ਼ਾਮਲ ਹਨ।