Welcome to Perth Samachar
ਪੱਛਮੀ ਆਸਟ੍ਰੇਲੀਆ ਵਿਚ ਮੌਸਮ ਦੀਆਂ ਸਥਿਤੀਆਂ ਖ਼ਰਾਬ ਚੱਲ ਰਹੀਆਂ ਹਨ। ਬੁੱਧਵਾਰ ਨੂੰ ਆਏ ਤੂਫ਼ਾਨ ਕਾਰਨ ਪਾਵਰ ਗਰਿੱਡਾਂ ਨੁਕਸਾਨੀਆਂ ਗਈਆਂ ਹਨ, ਜਿਸ ਕਰਕੇ ਬਹੁਤ ਸਾਰੇ ਲੋਕ ਪ੍ਰੇਸ਼ਾਨੀ ਵਿਚ ਪੈ ਗਏ ਹਨ। ਇਜ਼ਦੇ ਚੱਲਦਿਆਂ ਸ਼ਨੀਵਾਰ ਨੂੰ ਵੀ ਕਈ ਹਜ਼ਾਰ ਘਰਾਂ ਵਿੱਚ ਬਿਜਲੀ ਸਪਲਾਈ ਠੱਪ ਰਹੀ। ਬਿਜਲੀ ਡਿੱਗਣ, ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ਵਿਚ ਵਿਘਨ ਪਿਆ ਹੈ।
ਵੈਸਟਰਨ ਪਾਵਰ ਅਨੁਸਾਰ, ਤੂਫ਼ਾਨ ਕਾਰਨ ਲੱਗਭਗ 33,000 ਲੋਕਾਂ ਦੇ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਸੀ ਪਰ ਬਾਅਦ ਵਿਚ ਕੁੱਝ ਘਰਾਂ ਦੀ ਬਿਜਲੀ ਸਪਲਾਈ ਬਹਾਲ ਹੋ ਗਈ। ਉਥੇ ਹੀ 4000 ਘਰ ਅਤੇ ਕਾਰੋਬਾਰ ਅਜੇ ਵੀ ਬਿਜਲੀ ਤੋਂ ਬਿਨਾਂ ਹਨ। ਪਰਥ ਹਿੱਲਜ਼ ਦੇ ਕੁਝ ਹਿੱਸੇ ਅਤੇ ਕਲਗੂਰਲੀ ਦੇ ਆਲੇ-ਦੁਆਲੇ ਦੇ ਖੇਤਰ ਬਿਜਲੀ ਕਟੌਤੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ।
ਇੱਕ ਵੈਸਟਰਨ ਪਾਵਰ ਐਗਜ਼ੀਕਿਊਟਿਵ ਨੇ ਕਿਹਾ ਕਿ ਉਨ੍ਹਾਂ ਦਾ “ਉਦੇਸ਼ ਅਗਲੇ ਕੁਝ ਦਿਨਾਂ ਵਿੱਚ ਜ਼ਿਆਦਾਤਰ ਗਾਹਕਾਂ ਦੇ ਘਰਾਂ ਤੱਕ ਬਿਜਲੀ ਵਾਪਸ ਪਹੁੰਚਾਉਣਾ ਹੈ।” ਉਨ੍ਹਾਂ ਕਿਹਾ ਕਿ ਕੁਝ ਅਜਿਹੇ ਗਾਹਕ ਹੋਣਗੇ, ਜੋ ਲੰਬੇ ਸਮੇਂ ਤੱਕ ਬਿਜਲੀ ਤੋਂ ਬਿਨਾਂ ਰਹਿਣਗੇ। ਉਨ੍ਹਾਂ ਕਿਹਾ ਕਿ ਜਿੱਥੇ ਕਾਫ਼ੀ ਪ੍ਰਗਤੀ ਹੋਈ ਹੈ, ਉੱਥੇ ਅਜੇ ਵੀ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ। ਕਮਿਊਨਿਟੀ ਅਤੇ ਕਰਮਚਾਰੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।
ਸੂਬੇ ਦੇ ਵ੍ਹੀਟਬੇਲਟ ਜ਼ਿਲ੍ਹੇ ਵਿੱਚ ਮੈਰੀਡੇਨ ਅਤੇ ਬਰੂਸ ਰੌਕ ਦੇ ਆਲੇ-ਦੁਆਲੇ 1130 ਘਰ ਬਿਜਲੀ ਤੋਂ ਵਾਂਝੇ ਸਨ। ਮਾਊਂਟ ਹੇਲੇਨਾ ਅਤੇ ਪਰਥ ਦੇ ਪੂਰਬ ਦੇ ਆਲੇ-ਦੁਆਲੇ 930 ਹੋਰ ਘਰ ਪ੍ਰਭਾਵਿਤ ਹੋਏ। ਕੁੱਲ ਮਿਲਾ ਕੇ ਵੈਸਟਰਨ ਪਾਵਰ ਆਊਟੇਜ ਵੈੱਬਸਾਈਟ ਨੇ ਸੰਕੇਤ ਦਿੱਤਾ ਹੈ ਕਿ ਪੂਰੇ ਰਾਜ ਵਿਚ ਫੈਲੇ ਹੋਏ ਘੱਟੋ-ਘੱਟ 4000 ਗਾਹਕ ਪ੍ਰਭਾਵਿਤ ਹੋਏ ਹਨ।