Welcome to Perth Samachar

ਬਰਤਾਨਵੀ ਪਾਰਲੀਮੈਂਟ ’ਚ ਉਠਿਆਂ ਸਿੱਖਾਂ ਦੇ ਕੌਮਾਂਤਰੀ ਦਮਨ ਦਾ ਮੁੱਦਾ

ਬਰਤਾਨਵੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਯੂਕੇ ਵਿੱਚ ਭਾਰਤੀ ਸਿੱਖ ਭਾਈਚਾਰੇ ਮੈਂਬਰਾਂ ਦੇ ਕੌਮਾਂਤਰੀ ਦਮਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਰਤ ਨਾਲ ਜੁੜੇ ਏਜੰਟਾਂ ਦਾ ਮੁੱਦਾ ਹਾਊਸ ਆਫ ਕਾਮਨਜ਼ ’ਚ ਉਠਾਇਆ ਹੈ। ਜਨਤਕ ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਕਈ ਬਰਤਾਨਵੀ ਸਿੱਖ ਇੱਕ ‘ਹਿੱਟ ਲਿਸਟ’ ਉੱਤੇ ਆ ਗਏ ਹਨ ਅਤੇ ਸੁਰੱਖਿਆ ਮੰਤਰੀ ਟੌਮ ਤੁਗੇਂਧਟ ਨੂੰ ਸਵਾਲ ਕੀਤਾ ਕਿ ਬਰਤਾਨੀਆ ਸਰਕਾਰ ਵੱਲੋਂ ਇਸ ਮਾਮਲੇ ਨਾਲ ਨਜਿੱਠਣ ਲਈ ਕਿਹੜੇ ਕਦਮ ਚੁੱਕੇ ਗਏ ਹਨ। ਇਸ ਹਫ਼ਤੇ ਹਾਊਸ ਆਫ਼ ਕਾਮਨਜ਼ ’ਚ ਬੋਲਦਿਆਂ ਗਿੱਲ ਨੇ ਕਿਸੇ ਦਾ ਨਾਮ ਲਏ ਬਿਨਾਂ ਵਿਦੇਸ਼ਾਂ ’ਚ ਸਿੱਖਾਂ ਖ਼ਿਲਾਫ਼ ਕਤਲ ਦੀਆਂ ਕਥਿਤ ਸਾਜ਼ਿਸ਼ਾਂ ਦਾ ਹਵਾਲਾ ਦਿੰਦਿਆਂ ‘‘ਬਰਤਾਨਵੀ ਸਿੱਖ ਕਾਰਕੁਨਾਂ’’ ਲਈ ਚੁੱਕੇ ਸੁਰੱਖਿਆ ਕਦਮਾਂ ਬਾਰੇ ਪੁੱਛਿਆ। ਪ੍ਰੀਤ ਕੌਰ ਗਿੱਲ ਨੇ ਸੋਮਵਾਰ ਨੂੰ ਕਿਹਾ, ‘‘ਹਾਲੀਆ ਮਹੀਨਿਆਂ ਦੌਰਾਨ ‘ਫਾਈਵ ਆਈਜ਼’ ਮੁਲਕਾਂ ਨੇ ਯੂਕੇ ਵਿੱਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਰਤੀ ਏਜੰਟਾਂ ਦੀ ਕਰਵਾਈ ’ਤੇ ਚਿੰਤਾ ਜਤਾਈ ਹੈ।’’ ਦੱਸਣਯੋਗ ਹੈ ਕਿ ‘ਫਾਈਵ ਆਈਜ਼’ ਇੱੱਕ ਖੁਫ਼ੀਆ ਗੱਠਜੋੜ ਦੀ ਨੁਮਾਇੰਦਗੀ ਕਰਦਾ ਹੈ, ਜਿਸ ਵਿੱਚ ਆਸਟਰੇਲੀਆ, ਕੈਨੇਡਾ, ਨਿਊਜ਼ੀਲੈਂਡ, ਅਮਰੀਕਾ ਤੇ ਯੂਨਾਈਟਿਡ ਕਿੰਗਡਮ ਸ਼ਾਮਲ ਹਨ। ਲੇਬਰ ਪਾਰਟੀ ਦੀ ਸੰਸਦ ਮੈਂਬਰ ਨੇ ਕਿਹਾ, ‘‘ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਕਥਿਤ ਕਤਲ ਹੋਏ ਹਨ ਅਤੇ ਕਤਲ ਦੀਆਂ ਸਾਜ਼ਿਸ਼ਾਂ ਨਾਕਾਮ ਕੀਤੀਆਂ ਗਈਆਂ ਹਨ। ਅਮਰੀਕੀ ਤੇ ਕੈਨੇਡਿਆਈ ਅਧਿਕਾਰੀਆਂ ਨੇ ਆਪਣੀ ਪ੍ਰਭੂਸੱਤਾ, ਕਾਨੂੰਨ ਦੇ ਸ਼ਾਸਨ ਅਤੇ ਉਨ੍ਹਾਂ ਜਮਹੂਰੀ ਕਦਰਾਂ ਕੀਮਤਾਂ ਲਈ ਇਸ ਚੁਣੌਤੀ ਨੂੰ ਜਨਤਕ ਤੌਰ ’ਤੇ ਸਾਹਮਣੇ ਲਿਆਉਣ ਦਾ ਅਹਿਦ ਕੀਤਾ ਹੈ।’’

Share this news