Welcome to Perth Samachar

ਬਰੈਂਪਟਨ ਤੇ ਸਰੀ ਦੇ ਮੇਅਰ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਜਬਰੀ ਵਸੂਲੀ ਦੀਆਂ ਧਮਕੀਆਂ ਬਾਰੇ ‘ਚਿੰਤਤ’

ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਰੀ ਦੀ ਮੇਅਰ ਬਰੈਂਡਾ ਲਾਕ ਨੇ ਭਾਰਤੀ ਅਤੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰਿਆਂ ਖ਼ਿਲਾਫ਼ ਜ਼ਬਰਨ ਵਸੂਲੀ ਦੀਆਂ ਧਮਕੀਆਂ ਵਿੱਚ ‘ਚਿੰਤਾਜਨਕ’ ਵਾਧੇ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਸਰਕਾਰ ਨੂੰ ਇਸ ਖ਼ਤਰੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਮੇਅਰਾਂ ਨੇ ਇਸ ਹਫ਼ਤੇ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੈਂਕ ਨੂੰ ਲਿਖੇ ਇੱਕ ਪੱਤਰ ਵਿੱਚ “ਜ਼ਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਅਤੇ ਗੋਲੀਬਾਰੀ ਸਮੇਤ ਹਿੰਸਕ ਕਾਰਵਾਈਆਂ” ਦੀ ਵੱਧ ਰਹੀ ਗਿਣਤੀ ‘ਤੇ “ਡੂੰਘੀ ਚਿੰਤਾ” ਜ਼ਾਹਰ ਕੀਤੀ। ਪੱਤਰ ਵਿੱਚ ਲਿਖਿਆ ਗਿਆ ਹੈ, “ਇਹ ਚਿੰਤਾਜਨਕ ਘਟਨਾਕ੍ਰਮ ਇਹਨਾਂ ਖ਼ਤਰਿਆਂ ਦੀ ਗੰਭੀਰਤਾ ਅਤੇ ਵਿਆਪਕ ਪ੍ਰਕਿਰਤੀ ਨੂੰ ਦਰਸਾਉਂਦਾ ਹੈ, ਜੋ ਮੁੱਖ ਤੌਰ ‘ਤੇ ਭਾਰਤੀ ਅਤੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।”

ਮੇਅਰਾਂ ਨੇ ਕਿਹਾ ਕਿ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐੱਮ.ਪੀ.) ਅਤੇ ਪੀਲ ਰੀਜਨਲ ਪੁਲਿਸ ਸਮੇਤ ਸਥਾਨਕ ਪੁਲਿਸ ਵਿਭਾਗਾਂ ਨੇ “ਸਥਿਤੀ ਦੀ ਗੰਭੀਰਤਾ ਨੂੰ ਸਵੀਕਾਰ ਕੀਤਾ ਹੈ”। ਇਕ ਨਿਊਜ਼ ਚੈਨਲ ਦੇ ਅਨੁਸਾਰ, ਪੀਲ ਪੁਲਿਸ ਨੇ ਹਾਲ ਹੀ ਵਿੱਚ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਲਾਂਚ ਕੀਤੀ ਹੈ, ਜੋ ਹੁਣ ਜ਼ਬਰਨ ਵਸੂਲੀ ਦੀਆਂ 16 ਘਟਨਾਵਾਂ ਨਾਲ ਜੁੜੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ।

ਪੁਲਿਸ ਨੇ ਕਿਹਾ ਕਿ ਸ਼ੱਕੀ ਅਕਸਰ ਪੀੜਤ ਦੇ ਨਾਮ ਦੇ ਨਾਲ-ਨਾਲ ਉਨ੍ਹਾਂ ਦਾ ਫ਼ੋਨ ਨੰਬਰ, ਪਤਾ ਅਤੇ ਕਾਰੋਬਾਰੀ ਜਾਣਕਾਰੀ ਜਾਣਦੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨਾਲ ਸੰਪਰਕ ਕਰਦੇ ਹਨ, ਅਤੇ ਹਿੰਸਾ ਦੀਆਂ ਧਮਕੀਆਂ ਦੇ ਤਹਿਤ ਕਥਿਤ ਤੌਰ ‘ਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ।

ਮੇਅਰਾਂ ਨੇ ਸਰਕਾਰ ਨੂੰ ਇਸ ਮੁੱਦੇ ਨੂੰ ਪਹਿਲ ਦੇਣ ਅਤੇ ਜ਼ਬਰਨ ਵਸੂਲੀ ਦੇ ਇਨ੍ਹਾਂ ਖ਼ਤਰਿਆਂ ਨਾਲ ਨਜਿੱਠਣ ਲਈ ਇਕ ਵਿਆਪਕ ਰਣਨੀਤੀ ਵਿਕਸਿਤ ਕਰਨ ਲਈ ਲੋੜੀਂਦੀਆਂ ਫੈਡਰਲ ਏਜੰਸੀਆਂ ਦੇ ਨਾਲ-ਨਾਲ ਸਥਾਨਕ ਅਤੇ ਸੂਬਾਈ ਅਧਿਕਾਰੀਆਂ ਨਾਲ ਜੁੜਨ ਦੀ ਅਪੀਲ ਕੀਤੀ। ਮੇਅਰਾਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਉਹਨਾਂ ਦੇ ਸਬੰਧਤ ਭਾਈਚਾਰਿਆਂ ਵਿੱਚ “ਡਰ ਪੈਦਾ ਕਰ ਦਿੱਤਾ” ਹੈ। ਬ੍ਰਾਊਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਸਟਿਨ ਟਰੂਡੋ ਸਰਕਾਰ ਇੱਕ ਸਪੱਸ਼ਟ ਸੰਦੇਸ਼ ਦੇਵੇ ਕਿ ਇਹਨਾਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

3 ਜਨਵਰੀ ਨੂੰ ਐਡਮੰਟਨ, ਅਲਬਰਟਾ ਵਿੱਚ ਪੁਲਿਸ ਨੇ ਘੋਸ਼ਣਾ ਕੀਤੀ ਕਿ ਉਹ ਇਸ ਖੇਤਰ ਵਿੱਚ 18 ਜਬਰਨ ਵਸੂਲੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਹਨ, ਜਿਨ੍ਹਾਂ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਇਹ ਅੱਗਜ਼ਨੀ ਅਤੇ ਡਰਾਈਵ-ਬਾਈ ਗੋਲੀਬਾਰੀ ਦੀ ਲੜੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਜਬਰੀ ਵਸੂਲੀ, ਗੋਲੀਬਾਰੀ ਅਤੇ ਅੱਗਜ਼ਨੀ ਨਾਲ ਸਬੰਧਤ 6 ਗ੍ਰਿਫ਼ਤਾਰੀਆਂ ਦੀ ਵੀ ਰਿਪੋਰਟ ਦਿੱਤੀ, ਜਿਸ ਵਿੱਚ 20 ਸਾਲਾ ਪਰਮਿੰਦਰ ਸਿੰਘ ਵੀ ਸ਼ਾਮਲ ਹੈ, ਜੋ ਹਥਿਆਰਾਂ ਨਾਲ ਸਬੰਧਤ 12 ਦੋਸ਼ਾਂ ਲਈ ਹਿਰਾਸਤ ਵਿੱਚ ਹੈ।

Share this news