Welcome to Perth Samachar

ਭਾਰਤ ਨਾਲ ਵਿਵਾਦ ਤੋਂ ਬਾਅਦ ਨਿਊਜ਼ੀਲੈਂਡ ਵੀ ਆਇਆ ਕੈਨੇਡਾ ਦੇ ਹੱਕ ‘ਚ

ਨਿਊਜ਼ੀਲੈਂਡ ਇਕਲੌਤਾ ਫਾਈਵ ਆਈਜ਼’ ਦੇਸ਼ ਸੀ, ਜਿਸ ਨੇ ਭਾਰਤ ਨਾਲ ਚੱਲ ਰਹੇ ਕੂਟਨੀਤਕ ਵਿਵਾਦ ਵਿਚ ਕੈਨੇਡਾ ਦਾ ਜਨਤਕ ਤੌਰ ‘ਤੇ ਸਮਰਥਨ ਨਹੀਂ ਕੀਤਾ ਸੀ। ਪਰ ਹੁਣ ਨਿਊਜ਼ੀਲੈਂਡ ਨੇ ਵੀ ਡਿਪਲੋਮੈਟਾਂ ਨੂੰ ਕੱਢਣ ‘ਤੇ ਕੈਨੇਡਾ ਦਾ ਸਮਰਥਨ ਕੀਤਾ ਹੈ।

ਨਿਊਜ਼ੀਲੈਂਡ ਦੇ ਵਿਦੇਸ਼ ਦਫਤਰ ਨੇ ਇਕ ਬਿਆਨ ‘ਚ ਕਿਹਾ ਕਿ ਹੁਣ ਜ਼ਿਆਦਾ ਕੂਟਨੀਤੀ ਵਰਤਣ ਦਾ ਸਮਾਂ ਆ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ, “ਸਾਨੂੰ ਚਿੰਤਾ ਹੈ ਕਿ ਭਾਰਤ ਨੇ ਕੈਨੇਡਾ ਵਿੱਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਕੈਨੇਡੀਅਨ ਡਿਪਲੋਮੈਟ ਭਾਰਤ ਤੋਂ ਚਲੇ ਗਏ ਹਨ। ਹੁਣ ਘੱਟ ਨਹੀਂ ਸਗੋਂ ਹੋਰ ਕੂਟਨੀਤੀ ਦਾ ਸਮਾਂ ਆਉਂਦਾ ਜਾਪਦਾ ਹੈ।”

ਬਿਆਨ ਵਿੱਚ ਕਿਹਾ ਗਿਆ,”ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਦੇਸ਼ ਕੂਟਨੀਤਕ ਸਬੰਧਾਂ ‘ਤੇ 1961 ਦੇ ਵਿਏਨਾ ਕਨਵੈਨਸ਼ਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਣਗੇ, ਜਿਸ ਵਿੱਚ ਮਾਨਤਾ ਪ੍ਰਾਪਤ ਕਰਮਚਾਰੀਆਂ ਦੇ ਵਿਸ਼ੇਸ਼ ਅਧਿਕਾਰਾਂ ਅਤੇ ਛੋਟਾਂ ਸ਼ਾਮਲ ਹਨ।”

ਨਿਊਜ਼ੀਲੈਂਡ ਦਾ ਵਿਦੇਸ਼ ਦਫਤਰ ਆਮ ਤੌਰ ‘ਤੇ ਇਸ ਤਰੀਕੇ ਨਾਲ ਟਿੱਪਣੀ ਨਹੀਂ ਕਰਦਾ ਹੈ। ਨਿਊਜ਼ੀਲੈਂਡ ਨੇ ਇਸ ਸਾਲ ਜੂਨ ਵਿੱਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਪਿਛਲੇ ਮਹੀਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ‘ਤੇ ਵੀ ਚੁੱਪ ਧਾਰੀ ਹੋਈ ਸੀ।

ਰਿਪੋਰਟ ਮੁਤਾਬਕ ‘ਫਾਈਵ ਆਈਜ਼’ ਮੁਲਕਾਂ ਵਿੱਚੋਂ ਤਿੰਨ ਭਾਰਤੀ ਖੁਫ਼ੀਆ ਸੇਵਾਵਾਂ ਅਤੇ ਐਨਐਸਏ ਅਜੀਤ ਡੋਵਾਲ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਦੇਸ਼ ਕਥਿਤ ਤੌਰ ‘ਤੇ ਕੈਨੇਡਾ, ਅਮਰੀਕਾ ਅਤੇ ਬ੍ਰਿਟੇਨ ਹਨ। ਹਾਲਾਂਕਿ ਦੋ ਹੋਰ ਦੇਸ਼ਾਂ ਨੇ ਇਸ ਤੋਂ ਇਨਕਾਰ ਕੀਤਾ ਹੈ। ਇਹ ਦੇਸ਼ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਹਨ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਮਹਿਸੂਸ ਕੀਤਾ ਕਿ ਇਸ ਮੁੱਦੇ ‘ਤੇ ਵਾਰ-ਵਾਰ ਜਨਤਕ ਬਿਆਨ ਦੇਣ ਨਾਲ ਕੋਈ ਮਕਸਦ ਪੂਰਾ ਨਹੀਂ ਹੋਵੇਗਾ।

ਜ਼ਿਕਰਯੋਗ ਹੈ ਕਿ ਫਾਈਵ ਆਈਜ਼ ਇੱਕ ਇੰਟੈਲੀਜੈਂਸ ਅਲਾਇੰਸ ਹੈ। ਜਿਸ ਵਿੱਚ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਯੂਨਾਈਟਿਡ ਕਿੰਗਡਮ ਅਤੇ ਅਮਰੀਕਾ ਸ਼ਾਮਲ ਹਨ। ਇਹ ਦੇਸ਼ ਬਹੁ-ਪੱਖੀ ਯੂ.ਕੇ-ਯੂ.ਐਸ.ਏ ਸਮਝੌਤੇ ਦੇ ਪੱਖਕਾਰ ਹਨ, ਜੋ ਸੰਕੇਤ ਖੁਫੀਆ ਜਾਣਕਾਰੀ ਵਿੱਚ ਸਾਂਝੇ ਸਹਿਯੋਗ ਲਈ ਇੱਕ ਸੰਧੀ ਹੈ।

Share this news