Welcome to Perth Samachar

ਮਨਮੀਤ ਅਲੀਸ਼ੇਰ ਕਤਲ ਮਾਮਲਾ : ਕੋਰੋਨਰ ਰਿਪੋਰਟ ਆਉਣ ਤੋਂ ਬਾਅਦ ਪਰਿਵਾਰ ਨਿਰਾਸ਼

28 ਅਕਤੂਬਰ 2016 ਨੂੰ ਡਿਊਟੀ ਦੌਰਾਨ, ਇਕ ਵਿਅਕਤੀ ਵਲੋਂ ਉਸ ਉੱਤੇ ਜਲਣਸ਼ੀਲ ਪਦਾਰਥ ਸੁੱਟ ਦਿੱਤਾ ਗਿਆ ਜਿਸਦੇ ਚਲਦਿਆਂ ਮਨਮੀਤ ਦੀ ਮੌਤ ਹੋ ਗਈ ਸੀ। ਕਤਲ ਦੇ ਦੋਸ਼ੀ ਐਨਥਨੀ ਓ ਡੋਨਹੀਊ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਬ੍ਰਿਸਬੇਨ ਵਿੱਚ ਸਾੜ੍ਹਕੇ ਮਾਰੇ ਗਏ 29-ਸਾਲਾ ਭਾਰਤੀ ਬੱਸ ਡਰਾਈਵਰ ਮਨਮੀਤ ਅਲੀਸ਼ੇਰ ਦਾ ਪਰਿਵਾਰ ਨਿਰਾਸ਼ ਹੈ ਕਿਉਂਕਿ ਕੁਈਨਜ਼ਲੈਂਡ ਦੇ ਕੋਰੋਨਰ ਨੇ ਸੱਤ ਸਾਲ ਪਹਿਲਾਂ ਹੋਈ ਉਸਦੀ ਮੌਤ ਲਈ ਕਿਸੇ ਨੂੰ ਜਵਾਬਦੇਹ ਨਹੀਂ ਠਹਿਰਾਇਆ।

ਪਰ ਇਸ ਦੌਰਾਨ ਕੋਰੋਨਰ ਨੇ ਮੰਨਿਆ ਕਿ ਉਸਨੂੰ ਮਾਨਸਿਕ ਸਿਹਤ ਦੇਖਭਾਲ ਤੋਂ ਰਿਹਾ ਨਹੀਂ ਕੀਤਾ ਜਾਣਾ ਚਾਹੀਦਾ ਸੀ, ਪਰ ਨਾਲ ਇਹ ਵੀ ਆਖਿਆ ਕਿ ਕੋਈ ਵੀ ਇਹ ਨਹੀਂ ਸੋਚ ਸਕਦਾ ਸੀ ਕਿ ਉਹ ਇਹਨਾਂ ਹਾਲਾਤਾਂ ਦੇ ਚਲਦਿਆਂ ਕਿਸੇ ਨੂੰ ਮਾਰ ਸਕਦਾ ਹੈ।

ਕੋਰੋਨਰ ਦੀ ਅਦਾਲਤੀ ਕਾਰਵਾਈ ਮੌਕੇ ਮਨਮੀਤ ਅਲੀਸ਼ੇਰ ਦਾ ਭਰਾ ਅਮਿਤ ਅਲੀਸ਼ੇਰ ਤੇ ਉਨ੍ਹਾਂ ਦੇ ਸਾਥੀ ਵਿਨਰਜੀਤ ਸਿੰਘ ਗੋਲਡੀ ਅਤੇ ਬ੍ਰਿਸਬੇਨ ਤੋਂ ਪੰਜਾਬੀ ਭਾਈਚਾਰੇ ਦੇ ਨੁਮਾਇੰਦੇ ਪਿੰਕੀ ਸਿੰਘ ਹਾਜ਼ਿਰ ਸਨ। ਕੋਰੋਨਰ ਨੇ ਇਸ ਮੌਕੇ ਇਹ ਸਿਫਾਰਿਸ਼ ਵੀ ਪੇਸ਼ ਕੀਤੀ ਕਿ ਐਨਥਨੀ ਓ ਡੋਨਹੀਊ ਵਰਗੇ ਮਰੀਜ਼ਾਂ ਦੀ ਦੇਖਭਾਲ ਅਤੇ ਨਿਗਰਾਨੀ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ।

ਇਸ ਉਪਰੰਤ ਚੱਲੀ ਇੱਕ ਲੰਬੀ ਅਦਾਲਤੀ ਕਾਰਵਾਈ ਦੌਰਾਨ ਭਾਈਚਾਰੇ ਨੇ ਇਨਸਾਫ਼ ਦੀ ਮੰਗ ਕਰਦਿਆਂ ਦੇਸ਼ ਭਰ ਵਿੱਚ ਕਈ ਰੋਸ ਮੁਜ਼ਾਹਰੇ ਕੀਤੇ। ਅਦਾਲਤ ਵੱਲੋਂ ਪਾਇਆ ਗਿਆ ਕਿ ਦੋਸ਼ੀ ਇੱਕ ਮਾਨਸਿਕ ਰੋਗੀ ਸੀ ਜਿਸਦੇ ਚਲਦਿਆਂ ਉਸ ਉੱਤੇ ਅਪਰਾਧਿਕ ਮਾਮਲਿਆਂ ਦਾ ਟਰਾਇਲ ਨਹੀਂ ਚੱਲੇਗਾ ਕਿਉਂਕਿ ਉਸਨੇ ਮਾਨਸਿਕ ਬੀਮਾਰੀ ਦੌਰਾਨ ਇਹ ਕਤਲ ਕੀਤਾ ਸੀ।

ਅਲੀਸ਼ੇਰ ਪਰਿਵਾਰ ਅਤੇ ਭਾਰਤੀ ਭਾਈਚਾਰੇ ਦੇ ਨੁਮਾਇੰਦੇ ਇਹ ਗੱਲ ਵਾਰ-ਵਾਰ ਉਠਾਉਂਦੇ ਰਹੇ ਹਨ ਕਿ ਜੇਕਰ ਉਹ ਮਾਨਸਿਕ ਰੋਗੀ ਸੀ ਤਾਂ ਉਸ ਨੂੰ ਇਸ ਤਰ੍ਹਾਂ ਲੋਕਾਂ ‘ਚ ਘੁੰਮਣ ਦੀ ਇਜਾਜ਼ਤ ਕਿਸਨੇ ਦਿੱਤੀ ਸੀ। ਇਸ ਦੌਰਾਨ 28 ਅਕਤੂਬਰ 2023 ਨੂੰ ਮਨਮੀਤ ਅਲੀਸ਼ੇਰ ਦੀ ਸੱਤਵੀਂ ਬਰਸੀ ਮਨਾਈ ਗਈ ਹੈ ਜਿਥੇ ਭਾਈਚਾਰੇ ਵੱਲੋਂ ਉਸਨੂੰ ਨਮ ਅੱਖਾਂ ਨਾਲ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਹਨ। ਇਹ ਸ਼ਰਧਾਂਜਲੀ ਸਮਾਗਮ ਮੂਰੂਕਾ, ਬ੍ਰਿਸਬੇਨ ਵਿੱਚ ਉਸਦੀ ਯਾਦ ਨੂੰ ਸਮਰਪਿਤ ਜਗ੍ਹਾ ‘ਮਨਮੀਤ’ਜ਼ ਪੈਰਾਡਾਈਜ਼’ ਵਿੱਚ ਹੋਇਆ।

Share this news