Welcome to Perth Samachar
ਅਮਰੀਕਾ: ਕੈਲੀਫੋਰਨੀਆ ਵਿੱਚ 2020 ਵਿੱਚ 8 ਸਾਲਾ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਾਰੇ ਗਏ 31 ਸਾਲਾ ਸਿੱਖ ਨੌਜਵਾਨ ਨੂੰ ਨਾਗਰਿਕ ਬਹਾਦਰੀ ਲਈ ਉੱਤਰੀ ਅਮਰੀਕਾ ਦੇ ਸਰਵਉੱਚ ਸਨਮਾਨ “ਕਾਰਨੇਗੀ ਹੀਰੋ ਐਵਾਰਡ” ਨਾਲ ਨਿਵਾਜਿਆ ਗਿਆ ਹੈ।
ਫਰਿਜ਼ਨੋ ਦੇ ਮਨਜੀਤ ਸਿੰਘ ਦੀ 5 ਅਗਸਤ 2020 ਨੂੰ ਰੀਡਲੇ ਵਿੱਚ ਕਿੰਗਜ਼ ਰਿਵਰ ਤੋਂ ਸਮੰਥਾ ਕਰੂਜ਼ ਪੇਡਰੋ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਮੌਤ ਹੋ ਗਈ ਸੀ। ਪੇਡਰੋ ਨੂੰ ਤੈਰਨ ਲਈ ਸੰਘਰਸ਼ ਕਰਨਾ ਪਿਆ, ਕਿਉਂਕਿ ਉਹ ਨਦੀ ਵਿੱਚ ਖੇਡ ਰਹੇ ਬੱਚਿਆਂ ਦੇ ਇੱਕ ਸਮੂਹ ਤੋਂ ਵੱਖ ਹੋ ਗਈ ਸੀ ਅਤੇ ਤੇਜ਼ ਵਹਾ ਉਸਨੂੰ ਹੇਠਾਂ ਵੱਲ ਲੈ ਗਿਆ।
ਤੈਰਾਕੀ ਦੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਮਨਜੀਤ ਸਿੰਘ ਬੱਚੀ ਨੂੰ ਬਚਾਉਣ ਲਈ ਨਦੀ ਵਿੱਚ ਉਤਰ ਗਏ। ਉਨ੍ਹਾਂ ਨੇ ਆਪਣੀ ਪੱਗ ਉਤਾਰੀ ਅਤੇ ਇਸ ਨੂੰ ਜੀਵਨ ਰੇਖਾ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਅਤੇ ਉਹ ਛੋਟੀ ਬੱਚੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ ਲਈ ਆਪਣੀ ਗਰਦਨ ਤੱਕ ਪਾਣੀ ਵਿੱਚ ਚਲੇ ਗਏ।
ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਪਾਣੀ ਵਿੱਚ ਡੁੱਬ ਗਿਆ ਅਤੇ ਹੰਗਾਮੇ ਵਿੱਚ ਦਰਸ਼ਕਾਂ ਨੇ ਮਨਜੀਤ ਸਿੰਘ ਨੂੰ ਦੇਖਿਆ ਫਿਰ ਉਹ ਪਾਣੀ ਦੇ ਅੰਦਰ ਹੀ ਗੁੰਮ ਹੋ ਗਿਆ। ਪੇਡਰੋ (ਲੜਕੀ) ਨੂੰ ਇੱਕ ਆਦਮੀ ਨੇ ਲੱਭ ਲਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਛੇ ਦਿਨਾਂ ਬਾਅਦ ਉਸਦੀ ਮੌਤ ਹੋ ਗਈ। ਉਧਰ ਸਿੰਘ ਨੂੰ ਬਿਨਾਂ ਕਿਸੇ ਦੇਰੀ ਕੀਤੇ ਦਰਿਆ ਵਿੱਚੋਂ ਕੱਢ ਕੇ ਕਿਨਾਰੇ ਲਿਆਂਦਾ ਗਿਆ। ਉਸ ਨੂੰ ਬਚਾਉਣ ਦੇ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਅਸਫ਼ਲ ਰਹੀਆਂ।
ਜ਼ਿਕਰਯੋਗ ਹੈ ਕਿ ਕਾਰਨੇਗੀ ਮੈਡਲ ਅਮਰੀਕਾ ਅਤੇ ਕੈਨੇਡਾ ਵਿੱਚ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਦੂਜਿਆਂ ਦੀ ਜਾਨ ਬਚਾ ਲੈਣ ਜਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੇ ਹਨ। 1904 ਵਿੱਚ ਪਿਟਸਬਰਗ-ਅਧਾਰਿਤ ਫੰਡ ਦੀ ਸ਼ੁਰੂਆਤ ਤੋਂ ਹੁਣ ਤੱਕ 10,371 ਵਿਅਕਤੀਆਂ ਨੂੰ ਕਾਰਨੇਗੀ ਮੈਡਲ ਦਿੱਤਾ ਜਾ ਚੁੱਕਾ ਹੈ।