Welcome to Perth Samachar

ਮਸ਼ਹੂਰ ਭਾਰਤੀ ਡਿਸ਼ ‘ਬਟਰ ਚਿਕਨ’ ਨੂੰ ਲੈ ਕੇ ਛਿੜੀ ਕਾਨੂੰਨੀ ਜੰਗ

ਬਟਰ ਚਿਕਨ ਦੀ ਕਾਢ ਨੂੰ ਲੈ ਕੇ ‘ਮੋਤੀ ਮਹਿਲ’ ਅਤੇ ‘ਦਰਿਆਗੰਜ’ ਨਾਮਕ ਰੈਸਟੋਰੈਂਟਸ ਦੇ ਵਿੱਚਕਾਰ ਲੜਾਈ ਨੇ ਹੁਣ ਕਾਨੂੰਨੀ ਰੁੱਖ ਹੈ ਲਿਆ ਹੈ। ਬਟਰ ਚਿਕਨ ਦੀ ਸ਼ੁਰੂਆਤ ਕਿਸਨੇ ਕੀਤੀ? ਇਸ ਦਾ ਫ਼ੈਸਲਾ ਹੁਣ ਭਾਰਤ ਦੀ ਅਦਾਲਤ ਵਲੋਂ ਕੀਤਾ ਜਾਵੇਗਾ।

ਇਨ੍ਹਾਂ ਦੋਵਾਂ ਭਾਰਤੀ ਰੈਸਟੋਰੈਂਟਸ ਵਲੋਂ ‘ਬਟਰ ਚਿਕਨ’ ਦੀ ਕਾਢ ਦਾ ਦਾਵਾ ਕੀਤਾ ਜਾ ਰਿਹਾ ਹੈ ਜਿਸ ਬਾਰੇ ਯਾਚਿਕਾ ਹੁਣ ਦਿੱਲੀ ਹਾਈ ਕੋਰਟ ਵਲੋਂ ਸੁਣੀ ਜਾਵੇਗੀ।

ਅਦਾਲਤ ਵਿੱਚ ਮੋਤੀ ਮਹਿਲ ਦੇ ਮਾਲਕਾਂ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਰੈਸਟੋਰੈਂਟ ਦੇ ਸੰਸਥਾਪਕ ਕੁੰਦਨ ਲਾਲ ਗੁਜਰਾਲ ਨੇ 1930 ਦੇ ਦਹਾਕੇ ਵਿੱਚ ਪਹਿਲੀ ਵਾਰ ਬਟਰ ਚਿਕਨ ਬਣਾਇਆ ਸੀ ਜਦੋਂ ਇਹ ਰੈਸਟੋਰੈਂਟ ਪਹਿਲੀ ਵਾਰ ਪਿਸ਼ਾਵਰ ਵਿੱਚ ਖੋਲ੍ਹਿਆ ਗਿਆ ਸੀ।

2752 ਪੰਨਿਆਂ ਦੀ ਅਦਾਲਤ ਵਿਚ ਦਾਖ਼ਲ ਕੀਤੀ ਗਈ ਯਾਚਿਕਾ ਵਿੱਚ ਮੋਤੀ ਮਹਿਲ ਵਲੋਂ ਦਰਿਆਗੰਜ ‘ਤੇ ਹਰਜਾਨੇ ਦਾ ਮੁਕੱਦਮਾ ਕੀਤਾ ਗਿਆ ਹੈ। ਦੂਜੇ ਪਾਸੇ ਦਰਿਆਗੰਜ ਦੇ ਮਾਲਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ‘ਬਟਰ ਚਿਕਨ’ ਹੀ ਨਹੀਂ ਬਲਕਿ ਦਾਲ ਮਖਨੀ ਦੀ ਕਾਢ ਵੀ ਕੀਤੀ ਹੈ।

ਸਾਲ 2019 ਵਿੱਚ ਹੋਂਦ ਵਿੱਚ ਆਏ ਦਰਿਆਗੰਜ ਰੈਸਟੋਰੈਂਟ ਦੇ ਮੌਜੂਦਾ ਮਾਲਕਾਂ ਦਾ ਦਾਅਵਾ ਹੈ ਕਿ ਇਹ ਕਾਢ ਉਨ੍ਹਾਂ ਦੇ ਮਰਹੂਮ ਪਰਿਵਾਰਕ ਮੈਂਬਰ ਕੁੰਦਨ ਲਾਲ ਜੱਗੀ ਵਲੋਂ 1947 ਵਿੱਚ ਕੀਤੀ ਗਈ ਸੀ ਜਦੋਂ ਉਹ ਦਿੱਲੀ ਵਿੱਚ ਮੋਤੀ ਮਹਿਲ ਦੇ ਮਾਲਕ ਕੁੰਦਨ ਲਾਲ ਗੁਜਰਾਲ ਨਾਲ ਸਾਂਝੇਦਾਰੀ ਵਿੱਚ ਰੈਸਟੋਰੈਂਟ ਚਲਾਉਂਦੇ ਸਨ।

ਇਸ ਮਾਮਲੇ ਦੀ ਅਗਲੀ ਸੁਣਵਾਈ ਦਿੱਲੀ ਹਾਈ ਕੋਰਟ ਵੱਲੋਂ ਮਈ ਵਿੱਚ ਕੀਤੀ ਜਾਵੇਗੀ।
Share this news