Welcome to Perth Samachar
ਕੈਲੇਫੋਰਨੀਆ ਦੇ ਲਾਸ ਐਂਜਲਸ ਸ਼ਹਿਰ ਦੇ ਸਭ ਤੋਂ ਵੱਡੇ ਡਾਕਿਆਂ ਵਿਚੋਂ ਇਕ ਨੂੰ ਅੰਜਾਮ ਦਿੰਦਿਆਂ 3 ਕਰੋੜ ਡਾਲਰ ਦੀ ਨਕਦੀ ਗਾਇਬ ਕਰ ਦਿਤੀ ਗਈ। ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ ਨਕਦੀ ਰੱਖਣ ਵਾਲੀ ਇਕ ਇਮਾਰਤ ਵਿਚ ਐਤਵਾਰ ਰਾਤ ਵਾਪਰੀ। ਇਮਾਰਤ ਦੀ ਕੰਧ ਵਿਚ ਸੰਨ੍ਹ ਲਾ ਕੇ ਚੋਰ ਅੰਦਰ ਦਾਖਲ ਹੋਏ ਅਤੇ ਮੋਟੀ ਰਕਮ ਲੈ ਕੇ ਫਰਾਰ ਹੋ ਗਏ।
ਦੂਜੇ ਪਾਸੇ ਪੜਤਾਲ ਨਾਲ ਸਬੰਧਤ ਸੂਤਰਾਂ ਨੇ ਦੱਸਿਆ ਕਿ ਨਕਦੀ ਵਾਲੀ ਤਿਜੋਰੀ ਤੱਕ ਪਹੁੰਚਣ ਲਈ ਚੋਰ ਨੇ ਗਾਰਡਾਵਰਲਡ ਇਮਾਰਤ ਦੀ ਛੱਤ ਤੋੜੀ ਪਰ ਇਕ ਗੱਲ ਹੁਣ ਤੱਕ ਸਮਝ ਨਹੀਂ ਆਈ ਕਿ ਆਖਰ ਸੁਰੱਖਿਆ ਅਲਾਰਮ ਕਿਉਂ ਨਾ ਵੱਜਿਆ।
ਇਮਾਰਤ ਦੀ ਸੁਰੱਖਿਆ ਸੰਭਾਲਣ ਦੀ ਜ਼ਿੰਮੇਵਾਰੀ ਇਕ ਕੈਨੇਡੀਅਨ ਕੰਪਨੀ ਕੋਲ ਹੈ ਅਤੇ ਉਸ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਇਮਾਰਤ ਵਿਚ ਵੱਡੀ ਲੁੱਟ ਹੋਣ ਬਾਰੇ ਸੋਮਵਾਰ ਉਸ ਵੇਲੇ ਪਤਾ ਲੱਗਾ ਜਦੋਂ ਤਿਜੋਰੀ ਖੋਲ੍ਹੀ ਗਈ। ਇਹ ਵੀ ਪਤਾ ਲੱਗਾ ਹੈ ਕਿ ਡਾਕੇ ਦੌਰਾਨ ਇਮਾਰਤ ਦੇ ਇਕ ਹਿੱਸੇ ਦਾ ਅਲਾਰਮ ਵੱਜਿਆ ਜੋ ਪੁਲਿਸ ਥਾਣਿਆਂ ਨਾਲ ਜੁੜਿਆ ਨਹੀਂ ਸੀ ਹੋਇਆ। ਇਮਾਰਤ ਅੰਦਰ ਕਰੋੜਾਂ ਡਾਲਰ ਪਏ ਹੋਣ ਦੀ ਗੱਲ ਵੀ ਗਿਣੇ ਚੁਣੇ ਲੋਕਾਂ ਨੂੰ ਪਤਾ ਸੀ ਪਰ ਇਸ ਦੇ ਬਾਵਜੂਦ ਵਾਰਦਾਤ ਹੋ ਗਈ।
ਸੁਰੱਖਿਆ ਮਾਹਰਾਂ ਮੁਤਾਬਕ ਬਿਲਕੁਲ ਫਿਲਮੀ ਤਰੀਕੇ ਨਾਲ ਡਾਕੇ ਨੂੰ ਅੰਜਾਮ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਲਾਸ ਐਂਜਲਸ ਵਿਚ ਆਖਰੀ ਵੱਡਾ ਡਾਕਾ 12 ਸਤੰਬਰ 1997 ਨੂੰ ਵੱਜਿਆ ਸੀ ਜਦੋਂ ਇਕ ਕਰੋੜ 89 ਲੱਖ ਡਾਲਰ ਲੁੱਟੇ ਗਏ। ਇਹ ਡਾਕਾ ਮਾਰਨ ਵਾਲੇ ਫੜੇ ਗਏ ਸਨ।