Welcome to Perth Samachar
ਆਸਟ੍ਰੇਲੀਆ ਦੇ ਦੱਖਣ-ਪੂਰਬ ਵਿੱਚ ਤੂਫਾਨੀ ਮੌਸਮ ਕਾਰਨ ਵਿਕਟੋਰੀਆ ਸੂਬੇ ਦੇ ਜ਼ਿਆਦਾਤਰ ਹਿੱਸੇ ਹੜ੍ਹ ਵਿਚ ਡੁੱਬੇ ਗਏ ਹਨ। ਮੈਲਬੌਰਨ ਤੋਂ ਲਗਭਗ 70 ਮੀਲ ਉੱਤਰ ਵਿੱਚ ਸੇਮੌਰ ਅਤੇ ਯੇ ਦੇ ਛੋਟੇ ਕਸਬਿਆਂ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ‘ਚ ਰਹਿੰਦੇ ਸੈਂਕੜੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ।
ਹੜ੍ਹ ਦਾ ਪਾਣੀ ਖ਼ਤਰਨਾਕ ਪੱਧਰ ਤੱਕ ਵਧਣ ਕਾਰਨ ਅਧਿਕਾਰੀਆਂ ਨੇ ਵਸਨੀਕਾਂ ਅਤੇ ਸੈਲਾਨੀਆਂ ਨੂੰ ਤੁਰੰਤ ਉੱਥੋਂ ਜਾਣ ਲਈ ਕਿਹਾ ਹੈ। ਵਿਕਟੋਰੀਆ ਵਿੱਚ ਹੜ੍ਹ ਅਤੇ ਤੂਫ਼ਾਨ ਦੀਆਂ ਕਈ ਚਿਤਾਵਨੀਆਂ ਦਿੱਤੀਆਂ ਗਈਆਂ ਸਨ ਕਿਉਂਕਿ ਹੜ੍ਹ ਨੇ ਸੜਕਾਂ ਨੂੰ ਪਾਣੀ ਨਾਲ ਭਰ ਦਿੱਤਾ ਸੀ।
ਵਿਕਟੋਰੀਆ ਸਟੇਟ ਆਫ ਐਮਰਜੈਂਸੀ ਸਰਵਿਸਿਜ਼ ਨੇ ਕਿਹਾ ਕਿ ਮਦਦ ਲਈ ਲਗਭਗ 1,000 ਕਾਲਾਂ ਕੀਤੀਆਂ ਗਈਆਂ ਅਤੇ ਅਧਿਕਾਰੀਆਂ ਨੇ 38 ਲੋਕਾਂ ਨੂੰ ਹੜ੍ਹ ਤੋਂ ਬਚਾਇਆ। ਵਿਕਟੋਰੀਆ ਦੇ ਉੱਤਰ-ਪੂਰਬ ਵਿੱਚ 200 ਮਿਲੀਮੀਟਰ (7.88 ਇੰਚ) ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਸੀ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਇੱਕ ਮੰਜ਼ਿਲਾ ਘਰ ਦੇ ਫਰਸ਼ ਪੱਧਰ ਤੋਂ ਉੱਪਰ ਹੜ੍ਹ ਆਉਣ ਦੀ ਸੰਭਾਵਨਾ ਹੈ ਅਤੇ ਮੁੱਖ ਸੜਕਾਂ ਤੱਕ ਪਹੁੰਚ ਮੁਸ਼ਕਲ ਹੋਵੇਗੀ।
ਜ਼ਿਕਰਯੋਗ ਹੈ ਕਿ ਵਿਕਟੋਰੀਆ ਦੇ ਐਮਰਜੈਂਸੀ ਪ੍ਰਬੰਧਨ ਕਮਿਸ਼ਨਰ ਨੇ ਨਾਗਰਿਕਾਂ ਨੂੰ ਹੜ੍ਹਾਂ ਦੇ ਪਾਣੀ ‘ਚ ਗੱਡੀ ਨਾ ਚਲਾਉਣ ਦੀ ਅਪੀਲ ਕੀਤੀ ਹੈ, ਇਸਦੇ ਨਾਲ ਹੀ ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਲੋੜੀਂਦੀਆਂ ਯੋਜਨਾਵਾਂ ਬਣਾਉਣ ਲਈ ਵੀ ਬੇਨਤੀ ਕੀਤੀ ਹੈ।