Welcome to Perth Samachar
ਨਿਊਜ਼ੀਲੈਂਡ: ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਹਾਨਾ ਰਹਿਤੀ ਮਾਈਪੇ-ਕਲਾਰਕ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਉਸਨੇ ਆਪਣੇ ਜ਼ੋਰਦਾਰ ਭਾਸ਼ਣ ਨਾਲ ਪੂਰੇ ਪਾਰਲੀਮੈਂਟ ਨੂੰ ਹਿਲਾ ਕੇ ਰੱਖ ਦਿੱਤਾ। ਕਲਾਰਕ ਨੇ ਸੰਸਦ ‘ਚ ਮਾਓਰੀ ਸੱਭਿਆਚਾਰ ਦਾ ਨਾਚ ‘ਹਾਕਾ’ ਜੋ ਕਿ ਇਕ ਯੁੱਧ ਗੀਤ ਹੈ, ਪੇਸ਼ ਕਰਦੇ ਹੋਏ ਆਪਣਾ ਮੁੱਦਾ ਚੁੱਕਿਆ।
ਮਾਈਪੇ-ਕਲਾਰਕ ਨੇ ਜਦੋਂ ਸੰਸਦ ਵਿੱਚ ਆਪਣਾ ਮੁੱਦਾ ਚੁੱਕਿਆ ਤਾਂ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਡਰਾਉਣ ਵਾਲੇ ਸਨ। ਇੰਨਾ ਹੀ ਨਹੀਂ ਸੰਸਦ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਨੂੰ ਉਨ੍ਹਾਂ ਦੇ ਪਿੱਛੇ ਦੁਹਰਾਇਆ। ਇਹ ਦੁਨੀਆ ਭਰ ਦੀਆਂ ਸੰਸਦਾਂ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਭਾਸ਼ਣ ਹੈ।
ਮਾਈਪੇ ਕਲਾਰਕ ਦੀ ਵੀਡੀਓ ਵਾਇਰਲ ਹੁੰਦੇ ਹੀ ਇਕ ਟਵਿਟਰ ਯੂਜ਼ਰ ਨੇ ਲਿਖਿਆ, ‘ਇਸੇ ਲਈ ਮੇਰੀ ਨਜ਼ਰ ਵਿਚ ਇਹ ਸਭ ਤੋਂ ਈਮਾਨਦਾਰ ਅਤੇ ਲੋਕਪ੍ਰਿਯ ਸੰਸਦ ਮੈਂਬਰ ਹੈ।’ ਇਕ ਹੋਰ ਨੇ ਲਿਖਿਆ, ‘ਇਸ ਨੌਜਵਾਨ ਮਹਿਲਾ ਦੀ ਊਰਜਾ ਦੇਖੋ।’ ਇਕ ਹੋਰ ਸਖ਼ਸ਼ ਨੇ ਲਿਖਿਆ, ‘ਕਾਸ਼ ਮੈਨੂੰ ਸਮਝ ਆਉਂਦਾ ਕਿ ਉਹ ਕੀ ਕਹਿ ਰਹੀ ਹੈ, ਪਰ ਉਸ ਦਾ ਜਨੂੰਨ ਹੈਰਾਨੀਜਨਕ ਹੈ!’
21 ਸਾਲ ਦੀ ਮਾਈਪੇ-ਕਲਾਰਕ ਨੇ ਸੰਸਦ ਵਿਚ ਆਪਣੀ ਸੀਟ ਸੁਰੱਖਿਅਤ ਕਰਨ ਲਈ ਦੇਸ਼ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੀ ਮਹਿਲਾ ਸੰਸਦ ਮੈਂਬਰ ਨਾਨੀਆ ਮਾਹੂਤਾ ਨੂੰ ਹਰਾਇਆ ਸੀ।
ਜ਼ਿਕਰਯੋਗ ਹੈ ਕਿ ‘ਹਾਕਾ’ ਨਾਚ ਕਬੀਲਿਆਂ ਦਾ ਸੁਆਗਤ ਕਰਨ ਦਾ ਇੱਕ ਰਵਾਇਤੀ ਤਰੀਕਾ ਹੈ ਅਤੇ ਇਹ ਜੰਗ ਵਿੱਚ ਜਾਣ ਵੇਲੇ ਯੋਧਿਆਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਵੀ ਕਰਦਾ ਹੈ।