Welcome to Perth Samachar

ਸਰਬਜੀਤ ਸਿੰਘ ਬਣਿਆ ਪ੍ਰੀਮੀਅਰ ਅਵਾਰਡ ਜਿੱਤਣ ਵਾਲਾ ਪਹਿਲਾ ਦਸਤਾਰਧਾਰੀ ਨੌਜਵਾਨ

ਸਰਬਜੀਤ ਸਿੰਘ, ਵਿਕਟੋਰੀਆ ਦਾ ‘ਇੰਟਰਨੈਸ਼ਨਲ ਸਟੂਡੈਂਟ ਆਫ ਦਿ ਈਅਰ’ ਅਤੇ ਪ੍ਰੀਮੀਅਰ ਅਵਾਰਡ ਜਿੱਤਣ ਵਾਲ਼ਾ ਪਹਿਲਾ ਸਿੱਖ ਨੌਜਵਾਨ ਹੈ। ਸਰਬਜੀਤ ਨੇ ਹਾਲ਼ ਹੀ ਵਿੱਚ ਜੀਲੌਂਗ ਦੀ ਡੀਕਿਨ ਯੂਨੀਵਰਸਿਟੀ ਵਿੱਚੋਂ ਬੈਚਲਰ ਆਫ਼ ਸਿਵਲ ਇੰਜੀਨੀਅਰਿੰਗ (ਆਨਰਸ) ਮੁਕੰਮਲ ਕੀਤੀ ਹੈ ਅਤੇ ਹੁਣ ਉਹ ਜੀਲੌਂਗ ਸਿਟੀ ਕੌਂਸਲ ਵਿੱਚ ਨੌਕਰੀ ਕਰਦਾ ਹੈ।

ਵਿਕਟੋਰੀਆ ਇੰਟਰਨੈਸ਼ਨਲ ਐਜੂਕੇਸ਼ਨ ਅਵਾਰਡਸ ਦੌਰਾਨ ਸਾਲ 2023 ਦੇ ਸਭ ਤੋਂ ਵਧੀਆ ਵਿਦਿਆਰਥੀ ਦਾ ਵੱਕਾਰੀ ਐਵਾਰਡ ਲੈਣਾ, ਸਰਬਜੀਤ ਸਿੰਘ ਲਈ ਇੱਕ ਵੱਡੀ ਪ੍ਰਾਪਤੀ ਹੈ।

ਇਹ ਪ੍ਰਾਪਤੀ ਇਸ ਲਈ ਵੀ ਅਹਿਮ ਹੈ ਕਿਉਂਕਿ ਉਹ ਮੋਗਾ ਲਾਗੇ ਬਾਘਾ ਪੁਰਾਣਾ ਦੇ ਇੱਕ ਸਧਾਰਨ ਪੰਜਾਬੀ ਪਰਿਵਾਰ ਦਾ ਜੰਮਿਆ-ਪਲਿਆ ਹੈ। ਉਸਨੇ ਦੱਸਿਆ ਕਿ ਉਸਨੂੰ ਆਪਣੇ ਪਿਤਾ ਦੀ ਕਰਿਆਨੇ ਦੀ ਛੋਟੀ ਦੁਕਾਨ ਉੱਤੇ ਹੱਥ-ਵਟਾਉਣਾ ਸਦਾ ਯਾਦ ਰਹਿੰਦਾ ਹੈ।

ਸਰਬਜੀਤ ਸਿੰਘ ਨੇ ਦੱਸਿਆ ਕਿ ਨਵੰਬਰ 2023 ਵਿੱਚ ਸਟੱਡੀ ਮੈਲਬੌਰਨ ਦੁਆਰਾ ਮਿਲੇ ਇੰਟਰਨੈਸ਼ਨਲ ਸਟੂਡੈਂਟ ਆਫ ਦਿ ਈਅਰ ਅਤੇ ਪ੍ਰੀਮੀਅਰ ਅਵਾਰਡ ਲਈ ਉਸਦਾ ਪਰਿਵਾਰ ਮਾਣ ਮਹਿਸੂਸ ਕਰਦਾ ਹੈ।

ਜ਼ਿਕਰਯੋਗ ਹੈ ਕਿ ਇਹ ਸਨਮਾਨ ਭਾਈਚਾਰੇ ਵਿੱਚ ਵਧੀਆ ਸ਼ਮੂਲੀਅਤ, ਪੜ੍ਹਾਈ-ਲਿਖਾਈ, ਸਮਾਜ ਨੂੰ ਦੇਣ ਅਤੇ ਨੌਜਵਾਨਾਂ ਦੀ ਅਗਵਾਈ ਲਈ ਦਿੱਤੇ ਜਾਂਦੇ ਹਨ।

ਸਰਬਜੀਤ, ਡੀਕਿਨ ਯੂਨੀਵਰਸਿਟੀ ਸਟੂਡੈਂਟ ਐਸੋਸੀਏਸ਼ਨ ਲਈ ‘ਕੈਂਪਸ ਕੋਆਰਡੀਨੇਟਰ’ ਰਹਿ ਚੁੱਕਿਆ ਹੈ। ਇਸ ਭੂਮਿਕਾ ਤਹਿਤ ਉਸਨੇ ਪ੍ਰਾਈਡ ਵੀਕ ਸੈਲੀਬ੍ਰੇਸ਼ਨ, ਹਾਰਮਨੀ ਵੀਕ, ਅਤੇ ਸੱਭਿਆਚਾਰਕ ਤਿਉਹਾਰਾਂ ਵਰਗੇ ਕਈ ਸਮਾਗਮਾਂ ਦਾ ਆਯੋਜਨ ਕਰਨ ਵਿੱਚ ਵੀ ਯੋਗਦਾਨ ਪਾਇਆ ਹੈ।

ਕਮਿਊਨਿਟੀ ਸੇਵਾ ਲਈ ਉਸਦੇ ਬੇਮਿਸਾਲ ਯਤਨਾਂ ਲਈ ਉਸਨੂੰ ਸਾਲ 2023 ਵਿੱਚ ਜੀਲੌਂਗ ਸਿਟੀ ਕੌਂਸਲ ਦਾ ‘ਯੂਥ ਅਵਾਰਡ’ ਵੀ ਦਿੱਤਾ ਗਿਆ। ਸਰਬਜੀਤ, 18-ਸਾਲ ਦੀ ਉਮਰ ਵਿੱਚ ਸਨ 2020 ਵਿੱਚ ਇੱਕ ਅੰਤਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੀ।

ਉਸ ਸਮੇਂ ਕੋਵਿਡ-19 ਕਰਕੇ ਨਾ-ਸਿਰਫ ਉਸਦੀ ਪੜ੍ਹਾਈ ਪ੍ਰਭਾਵਿਤ ਹੋਈ ਬਲਕਿ ਉਸਨੂੰ ਆਰਥਿਕ ਤੰਗੀ ਦਾ ਵੀ ਸਾਮਣਾ ਕਰਨਾ ਪਿਆ।ਸਰਬਜੀਤ, ਆਪਣੀ ਯੂਨੀਵਰਸਿਟੀ ਵਿੱਚ ਨਵੇਂ ਆਏ ਵਿਦਿਆਰਥੀਆਂ ਨੂੰ ਸਥਾਪਤੀ ਵਿੱਚ ਸਹਿਯੋਗ ਦੇਣ ਦੇ ਨਾਲ-ਨਾਲ ਸਟੱਡੀ ਜੀਲੋਂਗ ਅਤੇ ਇੰਜੀਨੀਅਰਜ਼ ਆਸਟ੍ਰੇਲੀਆ ਲਈ ਇੱਕ ‘ਐਮਬੇਜ਼ਡਰ’ ਵਜੋਂ ਵੀ ਕੰਮ ਕਰਦਾ ਹੈ।

Share this news