Welcome to Perth Samachar
ਆਸਟ੍ਰੇਲੀਆ ‘ਚ ਸਕੂਲੀ ਵਿਦਿਆਰਥੀ ਫਲਸਤੀਨ ਦੇ ਸਮਰਥਨ ‘ਚ ਲਗਾਤਾਰ ਪ੍ਰਦਰਸ਼ਨਾ ਕੀਤੇ ਜਾ ਰਹੇ ਹਨ। ਪਹਿਲਾ ਪ੍ਰਦਰਸ਼ਨ ਮੈਲਬੌਰਨ ਵਿਖੇ ਕੀਤਾ ਗਿਆ ਅਤੇ ਹੁਣ ਸਿਡਨੀ ਦੇ ਸਕੂਲੀ ਵਿਦਿਆਰਥੀਆਂ ਨੇ ਫਲਸਤੀਨ ਦੇ ਪੱਖ ‘ਚ ਪ੍ਰਦਰਸ਼ਨ ਕੀਤਾ। ਹਜ਼ਾਰਾਂ ਦੀ ਗਿਣਤੀ ‘ਚ ਸਕੂਲਾਂ ਦੇ ਵਿਦਿਆਰਥੀ ਸਿਡਨੀ ਦੇ ਟਾਊਨ ਹਾਲ ਵਿਖੇ ਇਕੱਠੇ ਹੋਏ ਤੇ ‘ਫਲਸਤੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਗਾ ਰਹੇ ਸਨ।
ਵਿਦਿਆਰਥੀ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਗੋਲਾਬਾਰੀ ਨੂੰ ਵੀ ਬੰਦ ਕਰਵਾ ਕੇ ਜੰਗ ਖ਼ਤਮ ਕਰਵਾਉਣਾ ਚਾਹੁੰਦੇ ਸਨ। ਵਿਦਿਆਰਥੀਆਂ ਨੇ ਕਿਹਾ ਕਿ ਇਹ ਮੁੱਦਾ ਇਕ ਦਿਨ ਸਕੂਲ ਨਾ ਜਾਣ ਤੋਂ ਕਿਤੇ ਵੱਡਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਇਕ ਦਿਨ ਬਾਅਦ ਵੀ ਸਕੂਲ ਜਾ ਸਕਦੇ ਹਾਂ, ਪਰ ਇਜ਼ਰਾਇਲ ਹਮਾਸ ਵਿਚਾਲੇ ਜੰਗ ਕਾਰਨ ਹਜ਼ਾਰਾਂ ਬੱਚੇ ਸਿੱਖਿਆ ਤੋਂ ਇਲਾਵਾ ਹੋਰ ਵੀ ਕਈ ਬੁਨਿਆਦੀ ਜ਼ਰੂਰਤਾਂ ਤੋਂ ਵਾਂਝੇ ਰਹਿ ਰਹੇ ਹਨ।
ਪ੍ਰਦਰਸ਼ਨ ‘ਤੇ ਜਾਣ ਤੋਂ ਰੋਕਣ ਲਈ ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ। ਪਰ ਇਸ ਦੇ ਬਾਵਜੂਦ ਵਿਦਿਆਰਥੀ ਪ੍ਰਦਰਸ਼ਨ ‘ਚ ਹਿੱਸਾ ਲੈਣ ਲਈ ਪੁੱਜੇ। ਉਨ੍ਹਾਂ ਕਿਹਾ ਕਿ “ਜੇਕਰ ਸਾਨੂੰ ਕੁਝ ਦਿਨ ਲਈ ਸਕੂਲ ਨਾ ਵੀ ਜਾਣ ਦਿੱਤਾ ਗਿਆ ਤਾਂ ਸਾਨੂੰ ਕੋਈ ਜ਼ਿਆਦਾ ਫ਼ਰਕ ਨਹੀਂ ਪਵੇਗਾ, ਕਿਉਂਕਿ ਅਸੀਂ ਇਹ ਲੋਕਾਂ ਦੀ ਭਲਾਈ ਲਈ ਕਰ ਰਹੇ ਹਾਂ।”