Welcome to Perth Samachar
ਪਿਛਲੇ ਦੋ ਸਾਲ ਦੇ ਸੰਗਰਸ਼ ਤੋਂ ਬਾਅਦ ‘ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ ਆਫ਼ ਆਸਟ੍ਰੇਲੀਆ’ ਵੱਲੋਂ ਆਪਣੇ ਦਸਤਾਰਧਾਰੀ ਚਾਲਕਾਂ ਲਈ ਹੈਲਮਟ ਪ੍ਰਤੀ ਛੋਟ ਲੈਣ ਲਈ ਚਲਾਈ ਮੁਹਿੰਮ ਨੂੰ ਹੁਣ ਗਰੀਨਜ਼ ਸੈਨੇਟਰ ਡੇਵਿਡ ਸ਼ੂਬਰਿੱਜ ਅਤੇ ਐਮ.ਐਲ.ਸੀ ਕੇਟ ਫ਼ੇਰਮਆਨ ਦਾ ਸਮਰਥਨ ਪ੍ਰਾਪਤ ਹੋਣ ਤੋਂ ਬਾਅਦ, ਟਰਾਂਸਪੋਰਟ ਮੰਤਰੀ ਨੇ ਵੀ ਮਿਲਣ ਲਈ ਹੁੰਗਾਰਾ ਭਰਿਆ ਹੈ।
ਕਲੱਬ ਦੇ ਸੰਸਥਾਪਕ ਮਵਲੀਨ ਸਿੰਘ ਧੀਰ ਨੇ ਕਿਹਾ ਕਿ 2021 ਤੋਂ ਜਦੋਂ ਇਹ ਕਲੱਬ ਸ਼ੁਰੂ ਕੀਤਾ ਗਿਆ ਸੀ ਉਸ ਸਮੇਂ ਤੋਂ ਹੀ ਹੈਲਮਟ ਦੀ ਛੋਟ ਲਈ ਮੁਹਿੰਮ ਸ਼ੁਰੂ ਕਰ ਲਈ ਸੀ। ਮਿਸਟਰ ਧੀਰ ਦਾ ਮੰਨਣਾ ਹੈ ਕਿ ‘ਪੱਗਾਂ ਸਾਡੀ ਅਧਿਆਤਮਿਕਤਾ, ਇੱਜ਼ਤ ਅਤੇ ਅਣਖ ਦਾ ਪ੍ਰਤੀਕ ਹਨ’।
2022 ਵਿਚ ਇਸ ਕਲੱਬ ਨੇ ਲੇਬਰ ਪਾਰਟੀ ਨਾਲ ਮੁਲਾਕਾਤ ਕੀਤੀ ਅਤੇ ਗਰੀਨਜ਼ ਸੈਨੇਟਰ ਡੇਵਿਡ ਸ਼ੂਬਰਿੱਜ ਨਾਲ 2023 ‘ਚ ਗੱਲ-ਬਾਤ ਕੀਤੀ। ਇਸ ਸਾਲ ਮੋਟਰਸਾਈਕਲ ਕਲੱਬ ਆਫ ਨਿਊ ਸਾਊਥ ਵੇਲਜ਼ ਕੋਲੋਂ ਵੀ ਸਮੱਰਥਨ ਮੰਗਿਆ ਗਿਆ ਹੈ। ਇਸ ਅੰਦੋਲਨ ਦੇ ਮਕਸਦ ਨੂੰ ਹੁਣ ਐਮ ਐਲ ਸੀ ਕੇਟ ਫ਼ੇਰਮਆਨ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ।
ਮਿਸ ਫ਼ੇਰਮਆਨ ਨੇ ਮੋਟਰਸਾਈਕਲ ਕਲੱਬ ਦਾ ਸਮਰਥਨ ਕਰਦਿਆਂ ਲੈਜਿਸਲੇਟਿਵ ਕਾਉਂਸਲ ਵਿਚ ਹੈਲਮਟ ਤੋਂ ਬਿਨਾ ਮੋਟਰਸਾਈਕਲ ਚਾਲਉਣ ਦੀ ਮੰਗ ਉੱਤੇ ਵਿਚਾਰ ਕਰਨ ਲਈ ਜੋਰ ਦਿੱਤਾ ਹੈ।