Welcome to Perth Samachar


ਅਮਰੀਕਾ: ਵਰਜੀਨੀਆ, ਕੈਲੀਫੋਰਨੀਆ ਅਤੇ ਤਿੰਨ ਹੋਰ ਰਾਜਾਂ ਵਿਚ ਸਿਹਤ ਸੰਭਾਲ ਕਰਮਚਾਰੀ ਤਨਖਾਹਾਂ ਅਤੇ ਸਟਾਫ ਦੀ ਕਮੀ ਨੂੰ ਲੈ ਕੇ ਹੜਤਾਲ ‘ਤੇ ਚਲੇ ਗਏ ਹਨ, ਜਿਸ ਨੂੰ ਯੂ.ਐੱਸ. ਦੇ ਇਤਿਹਾਸ ਵਿਚ ਸਭ ਤੋਂ ਵੱਡੀ ਸਿਹਤ ਸੰਭਾਲ ਹੜਤਾਲ ਕਿਹਾ ਜਾ ਰਿਹਾ ਹੈ।ਮਿਲੀ ਜਾਣਕਾਰੀ ਮੁਤਾਬਿਕ ਕੈਸਰ ਪਰਮਾਨੈਂਟ ਦੇ 75,000 ਤੋਂ ਵੱਧ ਕਰਮਚਾਰੀ ਬੁੱਧਵਾਰ ਸਵੇਰੇ ਨੌਕਰੀ ਛੱਡ ਕੇ ਹੜਤਾਲ ‘ਤੇ ਚਲੇ ਗਏ।
ਦੱਸ ਦਇਏ ਕਿ ਕੈਸਰ ਪਰਮਾਨੈਂਟ ਅਮਰੀਕਾ ਦਾ ਸਭ ਤੋਂ ਵੱਡਾ ਬੀਮਾਕਰਤਾ ਅਤੇ ਹੈਲਥ ਕੇਅਰ ਆਪਰੇਟਰ ਹੈ, ਜੋ 39 ਹਸਪਤਾਲ ਚਲਾ ਰਿਹਾ ਹੈ। ਇਹ ਇਕ ਗੈਰ-ਮੁਨਾਫ਼ਾ ਕੰਪਨੀ ਹੈ ਅਤੇ ਓਕਲੈਂਡ, ਕੈਲੀਫੋਰਨੀਆ ਤੋਂ ਕੰਮ ਕਰਦੀ ਹੈ ਅਤੇ 13 ਮਿਲੀਅਨ ਲੋਕਾਂ ਨੂੰ ਬੀਮਾ ਕਵਰ ਪ੍ਰਦਾਨ ਕਰਦੀ ਹੈ।
ਕੈਸਰ ਪਰਮਾਨੈਂਟ ਕਰਮਚਾਰੀ ਯੂਨੀਅਨ ਨੇ ਕੈਲੀਫੋਰਨੀਆ, ਕੋਲੋਰਾਡੋ, ਓਰੇਗਨ ਅਤੇ ਵਾਸ਼ਿੰਗਟਨ ਵਿਚ 3 ਦਿਨਾਂ ਦੀ ਹੜਤਾਲ ਅਤੇ ਵਰਜੀਨੀਆ ਅਤੇ ਰਾਸ਼ਟਰੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਯੂਨੀਅਨ ਨਾਲ ਕਰੀਬ 85 ਹਜ਼ਾਰ ਮੁਲਾਜ਼ਮ ਜੁੜੇ ਹੋਏ ਹਨ। ਹੜਤਾਲ ਵਿਚ ਲਾਇਸੰਸਸ਼ੁਦਾ ਪੇਸ਼ੇਵਰ ਨਰਸਾਂ, ਘਰੇਲੂ ਸਿਹਤ ਸਹਾਇਕ, ਅਲਟਰਾਸਾਊਂਡ ਵਰਕਰ, ਰੇਡੀਓਲੋਜੀ ਟੈਕਨੀਸ਼ੀਅਨ, ਸਰਜਰੀ ਅਤੇ ਫਾਰਮੇਸੀ ਵਿਭਾਗ ਸ਼ਾਮਲ ਹਨ।
ਅਗਸਤ ਵਿਚ, ਕੈਸਰ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਨੇ $25 ਘੰਟੇ ਦੀ ਘੱਟੋ-ਘੱਟ ਉਜਰਤ ਦੇ ਨਾਲ-ਨਾਲ ਪਹਿਲੇ ਦੋ ਸਾਲਾਂ ਵਿੱਚ ਹਰ ਸਾਲ 7% ਅਤੇ ਉਸ ਤੋਂ ਬਾਅਦ ਹਰ ਸਾਲ 6.25% ਦੇ ਵਾਧੇ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸਟਾਫ਼ ਦੀ ਘਾਟ ਕਾਰਨ ਹਸਪਤਾਲ ਦੇ ਸਿਸਟਮ ਦਾ ਮੁਨਾਫ਼ਾ ਵੱਧ ਰਿਹਾ ਹੈ, ਪਰ ਮਰੀਜ਼ਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਅਧਿਕਾਰੀ ਗੱਲਬਾਤ ਦੌਰਾਨ ਮਾੜੇ ਇਰਾਦਿਆਂ ਨਾਲ ਸੌਦੇਬਾਜ਼ੀ ਕਰ ਰਹੇ ਹਨ।