Welcome to Perth Samachar
‘ਹੈਨਲੇ ਪਾਸਪੋਰਟ ਇੰਡੈਕਸ’ ਨੇ ਸਾਲ 2024 ਲਈ ਪਾਸਪੋਰਟ ਦੀ ਨਵੀਂ ਦਰਜਾਬੰਦੀ ਜਾਰੀ ਕੀਤੀ ਹੈ। ਇਹ ਸੰਸਥਾ ਇੱਕ ਖਾਸ ਦੇਸ਼ ਦੇ ਪਾਸਪੋਰਟ ਨੂੰ ਸਭ ਤੋਂ ਜ਼ਿਆਦਾ ਮੁਲਕਾਂ ਵਿੱਚ ਵੀਜ਼ਾ ਮੁਕਤ ਜਾਂ ਦਾਖ਼ਲੇ ਉਪਰੰਤ ਮਿਲਣ ਵਾਲੇ ਵੀਜ਼ੇ ਦੀ ਸਹੂਲਤ ਦਾ ਮੁਲਾਂਕਣ ਕਰਕੇ ਸੂਚੀ ਤਿਆਰ ਕਰਦੀ ਹੈ।
‘ਹੈਨਲੇ ਪਾਸਪੋਰਟ ਇੰਡੈਕਸ’ ਸੰਸਥਾ ਨੇ ਇਹ ਸੂਚੀ ਕੌਮਾਂਤਰੀ ਹਵਾਬਾਜ਼ੀ ਮਹਿਕਮੇ ਵੱਲੋਂ ਜਾਰੀ ਕੁੱਲ 227 ਦੇਸ਼ਾਂ ਵਿੱਚ ਵੀਜ਼ਾ ਮੁਕਤ ਸਹੂਲਤ ਅਤੇ 199 ਪਾਸਪੋਰਟ ਧਾਰਕ ਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ‘ਤੇ ਤਿਆਰ ਕੀਤੀ ਹੈ। ਇਸ ਸੂਚੀ ਵਿੱਚ ਆਸਟ੍ਰੇਲੀਆ-ਨਿਊਜ਼ੀਲੈਂਡ ਨੇ ਪਿਛਲੇ ਸਾਲ ਦੀ ਦਰਜਾਬੰਦੀ ਵਿੱਚ ਸੁਧਾਰ ਕਰਦਿਆਂ 6ਵਾਂ ਸਥਾਨ ਹਾਸਲ ਕੀਤਾ ਹੈ। ਇਹਨਾਂ ਮੁਲਕਾਂ ਦੇ ਨਾਗਰਿਕਾਂ ਨੂੰ ਸੈਰ ਸਪਾਟੇ ਲਈ 185 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਦਾਖ਼ਲਾ ਜਾਂ ਦਾਖ਼ਲੇ ਉਪਰੰਤ ਵੀਜ਼ਾ ਮਿਲਣ ਦੀ ਸੁਵਿਧਾ ਉਪਲੱਬਧ ਹੈ।
ਪਿਛਲੇ ਕਈ ਸਾਲਾਂ ਤੋਂ ਪਹਿਲੇ ਸਥਾਨ ‘ਤੇ ਕਾਬਜ਼ ਦੇਸ਼ ਜਾਪਾਨ ਦੇ ਨਾਲ ਫਰਾਂਸ, ਜਰਮਨੀ , ਇਟਲੀ, ਸਿੰਗਾਪੁਰ, ਅਤੇ ਸਪੇਨ ਨੇ ਵੀ ਪਹਿਲਾ ਸਥਾਨ ਆ ਮੱਲਿਆ ਹੈ। ਇਹਨਾਂ ਮੁਲਕਾਂ ਦੇ ਪਾਸਪੋਰਟ ਧਾਰਕ ਬਿਨਾਂ ਵੀਜ਼ਾ ਦੇ 194 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ‘ਹੈਨਲੇ ਪਾਸਪੋਰਟ ਇੰਡੈਕਸ’ ਸੰਸਥਾ ਨੇ ਮੰਨਿਆ ਹੈ ਕਿ ਏਸ਼ੀਆਈ ਦੇਸ਼ਾਂ ਦੀ ਦਰਜਾਬੰਦੀ ਵਿੱਚ ਤਬਦੀਲੀ ਵੀਜ਼ਾ ਨੀਤੀਆਂ ਵਿੱਚ ਆਏ ਬਦਲਾਅ ਕਰਕੇ ਹੋਈ ਹੈ।
ਭਾਰਤ ਨੇ ਇਸ ਦਰਜਾਬੰਦੀ ਵਿੱਚ ਸੁਧਾਰ ਕਰਦਿਆਂ 80ਵਾਂ ਸਥਾਨ ਹਾਸਲ ਕੀਤਾ ਹੈ ਅਤੇ ਭਾਰਤੀ ਪਾਸਪੋਰਟ ‘ਤੇ ਹੁਣ 62 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਘੁੰਮਿਆ ਜਾ ਸਕਦਾ ਹੈ। ਸਭ ਤੋਂ ਘੱਟ ਪ੍ਰਭਾਵਸ਼ਾਲੀ ਪਾਸਪੋਰਟਾਂ ਵਾਲੇ ਦੇਸ਼ ਨੇਪਾਲ, ਯਮਨ, ਅਫਗਾਨਿਸਤਾਨ, ਸੀਰੀਆ, ਇਰਾਕ, ਪਾਕਿਸਤਾਨ ਅਤੇ ਸੋਮਾਲੀਆ ਗਿਣੇ ਗਏ ਹਨ।
ਜ਼ਿਕਰਯੋਗ ਹੈ ਕਿ ‘ਹੈਨਲੇ ਪਾਸਪੋਰਟ ਇੰਡੈਕਸ’ ਵਿਸ਼ਵ ਭਰ ਦੇ ਦੇਸ਼ਾਂ ਦੀਆਂ ਵੀਜ਼ਾ ਨੀਤੀਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਸਸੰਥਾ ਹੈ।