2023 ਦੇ ਮੁਕਾਬਲੇ 2024 ‘ਚ ਪ੍ਰਾਪਰਟੀ ਮਾਰਕੀਟ ‘ਚ ਕੀ ਆ ਸਕਦੀ ਹੈ ਤਬਦੀਲੀ?
ਸਾਲ 2023 ਦੇ ਅੰਤ ਵਿੱਚ ਆਸਟ੍ਰੇਲੀਅਨ ਹਾਊਸਿੰਗ ਮਾਰਕੀਟ ਬਹੁਤੀ ਮਜ਼ਬੂਤ ਦਿਖਦੀ ਪ੍ਰਤੀਤ ਨਹੀਂ ਹੁੰਦੀ। ਆਸਟ੍ਰੇਲੀਆ ਵਿੱਚ ਘਰਾਂ ਦੀਆਂ ਕੀਮਤਾਂ ਅਜੇ ਵੀ ਵਧ ਰਹੀਆਂ ਹਨ। ਲੋਕਾਂ ਉਤੇ ਵਿਤੀ ਨੀਤੀਆਂ ਦਾ ਪ੍ਰਭਾਵ ਪੈ ਰਿਹਾ ਹੈ। ਕਈ ਅਰਥਸ਼ਾਸਤਰੀਆਂ ਨੇ 2024 ਵਿੱਚ ਪ੍ਰਾਪਰਟੀ ਮਾਰਕੀਟ ਦੀ ਕੀਮਤਾਂ ਥੱਲੇ ਆਉਣ ਦੀ ਭਵਿੱਖਬਾਣੀ ਵੀ ਕੀਤੀ ਹੈ।
‘ਕੋਰਲੋਜਿਕ’ ਸੰਸਥਾ ਵਲੋਂ ਕੀਤੀ ਪੜਚੋਲ ਵਿੱਚ ਕਿਹਾ ਗਿਆ ਕਿ ਭਾਵੇਂ 2023 ਵਿੱਚ ਰਾਸ਼ਟਰੀ ਪੱਧਰ ‘ਤੇ ਕੀਮਤਾਂ ਵਿੱਚ 8.1 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਪਰ ਦਸੰਬਰ ਤੱਕ ਪਹੁੰਚਦੇ-ਪਹੁੰਚਦੇ ਘਰਾਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਦਰ ਵਿੱਚ ਕਾਫ਼ੀ ਨਰਮੀ ਦੇਖਣ ਨੂੰ ਮਿਲੀ।
ਪਿਛਲੇ ਸਾਲ ਦਸੰਬਰ ਵਿੱਚ ਕੇਵਲ 0.4 ਪ੍ਰਤੀਸ਼ਤ ਦਾ ਵਾਧਾ ਹੋਇਆ ਜੋ ਬੀਤੇ ਮਹੀਨਿਆਂ ਵਿੱਚ ਰਿਕਾਰਡ ਕੀਤੀ ਗਈ ਦਰ ਨਾਲੋਂ ਕਾਫ਼ੀ ਘਟ ਸੀ। ਪਰਥ, ਬ੍ਰਿਸਬੇਨ ਅਤੇ ਐਡੀਲੇਡ ਵਿੱਚ ਰਿਹਾਇਸ਼ੀ ਘਰਾਂ ਵਿੱਚ ਕਾਫ਼ੀ ਉਛਾਲ ਦੇਖਣ ਨੂੰ ਮਿਲਿਆ। ਇਨ੍ਹਾਂ ਸ਼ਹਿਰਾਂ ਵਿੱਚ ਕੀਮਤਾਂ ਹਰ ਮਹੀਨੇ ਤਕਰੀਬਨ ਇੱਕ ਪ੍ਰਤੀਸ਼ਤ ਨਾਲ ਵਧਦੀਆਂ ਰਹੀਆਂ।
‘ਕੋਰਲੌਜਿਕ’ ਵਿੱਚ ਖੋਜ ਨਿਰਦੇਸ਼ਕ ਟਿਮ ਲਾਅਲੇਸ ਨੇ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਹਾਊਸਿੰਗ ਮਾਰਕੀਟ ਵਿੱਚ ਕੀਮਤਾਂ ਵਿੱਚ ਪਹਿਲਾਂ ਜਿਹਾ ਵਾਧਾ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਏਐਮਪੀ ਅਧਾਰੇ ਦੇ ਮੁੱਖ ਅਰਥ ਸ਼ਾਸਤਰੀ ਸ਼ੇਨ ਓਲੀਵਰ ਨੇ ਵੀ ਕਿਹਾ ਕਿ ਪ੍ਰਾਪਰਟੀ ਮਾਰਕੀਟ ਵਿੱਚ ਵਾਧਾ ਪਹਿਲਾਂ ਹੀ ਨਰਮ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਦਾ ਪਹਿਲਾਂ ਨਾਲੋਂ ਹੋਰ ਹੇਠਾਂ ਆਉਣ ਦੀ ਸੰਭਾਵਨਾ ਹੈ।