Welcome to Perth Samachar
72-ਸਾਲਾ ਰਿਟਾਇਰਡ ਅਰਥ ਸ਼ਾਸਤਰੀ ਡਾਕਟਰ ਪ੍ਰਬੋਧ ਮਲਹੋਤਰਾ ਲੱਗਭਗ 2 ਮਹੀਨੇ ਲਗਾਤਾਰ ਪੈਦਲ ਤੁਰਕੇ ਮੈਲਬੌਰਨ ਕ੍ਰਿਕੇਟ ਗਰਾਉਂਡ ਤੋਂ ਸਿਡਨੀ ਕ੍ਰਿਕੇਟ ਗਰਾਉਂਡ ਤੱਕ ਦਾ ਸਫ਼ਰ ਤੈਅ ਕਰ ਰਹੇ ਹਨ। ਪੰਜਾਬ ਤੋਂ ਸ਼ਾਹਕੋਟ ਨਾਲ ਸਬੰਧਿਤ ਡਾ. ਮਲਹੋਤਰਾ ਆਸਟ੍ਰੇਲੀਆ ਵਿੱਚ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਹਜ਼ਾਰਾਂ ਪਰਿਵਾਰਾਂ ਦੀ ਮਦਦ ਕਰਨ ਵਾਲੀ ਮੈਕਗ੍ਰਾਥ ਫਾਊਂਡੇਸ਼ਨ ਲਈ 1 ਮਿਲੀਅਨ ਡਾਲਰ ਦਾ ਫੰਡ ਇਕੱਠਾ ਕਰਨ ਦੇ ਮਕਸਦ ਦੇ ਨਾਲ ਇਹ ਉੱਦਮ ਕਰ ਰਹੇ ਹਨ।
ਮੈਲਬੌਰਨ ਦੇ ਬੋਰੋਨੀਆ ਨਿਵਾਸੀ ਡਾ. ਮਲਹੋਤਰਾ ਦਾ ਇਹ ਦੂਜਾ ਸਾਲ ਹੈ ਜਦੋਂ ਉਹ ਬ੍ਰੈਸਟ ਕੈਂਸਰ ਕੇਅਰ ਦੀਆਂ ਨਰਸਾਂ ਦੇ ਪੂਲ ਨੂੰ ਵਧਾਉਣ ਲਈ ਫੰਡ ਇਕੱਠਾ ਕਰਨ ਵਾਸਤੇ ਇਸ ਕਠਿਨ ਯਾਤਰਾ ‘ਤੇ ਨਿਕਲੇ ਹਨ।
40 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਮੈਲਬੌਰਨ ਰਹਿ ਰਹੇ ਰਿਟਾਇਰਡ ਅਕਾਦਮਿਕ ਡਾਕਟਰ ਮਲਹੋਤਰਾ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਜਿਹੇ ਦੇਸ਼ ਨੇ ਉਹਨਾਂ ਨੂੰ ਸਭ ਕੁੱਝ ਦਿੱਤਾ ਹੈ ਤੇ ਹੁਣ ਉਹ ਵੀ ਇਸ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਸਨ।
ਡਾ. ਮਲਹੋਤਰਾ ਨੇ 29 ਅਕਤੂਬਰ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ ਤੋਂ ਆਪਣਾ 1325 ਕਿਲੋਮੀਟਰ ਦਾ ਸਫ਼ਰ ਸ਼ੁਰੂ ਕੀਤਾ ਅਤੇ ਇਸ ਸਾਲ ਉਹ ਫਰੈਂਕਸਟਨ, ਕਵੀਨਸਕਲਿਫ, ਬੈਂਡਿਗੋ , ਈਚੂਕਾ ਵਰਗੇ ਕਸਬਿਆਂ ਤੋਂ ਲੰਘਦੇ ਹੋਏ ਜਨਵਰੀ 2024 ਦੇ ਪਹਿਲੇ ਹਫਤੇ ਆਸਟਰੇਲੀਆ ਅਤੇ ਪਾਕਿਸਤਾਨ ਦੀਆਂ ਕ੍ਰਿਕੇਟ ਟੀਮਾਂ ਵਿੱਚਕਾਰ ਪਿੰਕ ਟੈਸਟ ਮੈਚ ਲਈ ਸਿਡਨੀ ਕ੍ਰਿਕੇਟ ਗਰਾਉਂਡ ਪਹੁੰਚਣਗੇ।
ਡਾ. ਮਲਹੋਤਰਾ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ‘ਚੋਂ ਵੀ ਇਸ ਖਾਸ ਸੈਰ ਰਾਹੀਂ ਉਹਨਾਂ ਨੇ ਲੰਘਣਾ ਹੈ, ਉਹਨਾਂ ਰਾਜਾਂ (ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਕੈਨਬਰਾ ) ‘ਚ ਆਉਂਦੀਆਂ ਸਾਰੀਆਂ ਕਾਉਂਸਿਲਾਂ ਤੋਂ ਖਾਸ ਇਜਾਜ਼ਤ ਲੈਣੀ ਪਈ ਅਤੇ ਨਾਲ ਹੀ ਸੜਕਾਂ ਦੇ ਮਹਿਕਮੇ ਅਤੇ ਪੁਲਿਸ ਤੋਂ ਵੀ ਇਜਾਜ਼ਤਾਂ ਲੈਣੀਆਂ ਪਈਆਂ ਸਨ।
ਸੈਰ ਕਰਨ ਦੇ ਸ਼ੌਕੀਨ ਡਾ. ਪ੍ਰਬੋਧ ਪਿਛਲੇ 30-35 ਸਾਲਾਂ ਤੋਂ ਇੱਕ ਵਰਜਿਸ਼ ਦੇ ਤੌਰ ਤੇ ਪੈਦਲ ਚੱਲਦੇ ਸਨ ਪਰ ਹੁਣ ਉਹ ਇੱਕ ਮਕਸਦ ਤਹਿਤ ਚੱਲ ਰਹੇ ਹਨ।