Welcome to Perth Samachar
ਕੈਨੇਡਾ: ਕੈਨੇਡੀਅਨ ਸਰਕਾਰ ਨੇ 10,000 H-1B ਵੀਜ਼ਾ ਧਾਰਕਾਂ ਨੂੰ ਕੈਨੇਡਾ ਆ ਕੇ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਸੀ, ਜਿਸ ਨਾਲ ਭਾਰਤੀ ਪੇਸ਼ੇਵਰਾਂ ਨੂੰ ਲਾਭ ਹੋਣ ਦੀ ਉਮੀਦ ਹੈ। ਹੁਣ ਇਸ ਯੋਜਨਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਪਹਿਲੇ ਦਿਨ ਹੀ ਇਸਨੇ ਆਪਣਾ ਟੀਚਾ ਪੂਰਾ ਕਰ ਲਿਆ ਹੈ।
H-1B ਵੀਜ਼ਾ ਧਾਰਕਾਂ ਲਈ ਨਵਾਂ ਵਰਕ ਪਰਮਿਟ ਅਧਿਕਾਰਤ ਤੌਰ ‘ਤੇ 16 ਜੁਲਾਈ ਨੂੰ ਅਰਜ਼ੀਆਂ ਲਈ ਖੋਲ੍ਹਿਆ ਗਿਆ ਸੀ। ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਦਾ ਕਹਿਣਾ ਹੈ ਕਿ ਬਿਨੈਕਾਰ ਹੁਣ ਇਸ ਸਕੀਮ ਲਈ ਅਪਲਾਈ ਨਹੀਂ ਕਰ ਸਕਦੇ, ਕਿਉਂਕਿ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ।
IRCC ਨੇ ਆਪਣੀ ਵੈੱਬਸਾਈਟ ‘ਤੇ ਕਿਹਾ, “ਅਸੀਂ 17 ਜੁਲਾਈ, 2023 ਨੂੰ ਇਸ ਪਹਿਲਕਦਮੀ ਲਈ 10,000 ਅਰਜ਼ੀਆਂ ਦੀ ਸੀਮਾ ਤੱਕ ਪਹੁੰਚ ਗਏ ਹਾਂ। H-1B ਵੀਜ਼ਾ ਧਾਰਕਾਂ ਲਈ ਅਸਥਾਈ ਜਨਤਕ ਨੀਤੀ ਹੁਣ ਬੰਦ ਹੋ ਗਈ ਹੈ। 10,000 ਪ੍ਰਾਇਮਰੀ ਬਿਨੈਕਾਰਾਂ ਦੀ ਦਾਖ਼ਲੇ ਦੀ ਹੱਦ ਪੂਰੀ ਹੋ ਗਈ ਹੈ ਅਤੇ ਕੋਈ ਵਾਧੂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾ ਰਹੀਆਂ ਹਨ।”
ਕੈਨੇਡਾ ਨੇ ਪਿਛਲੇ ਮਹੀਨੇ ਕਈ ਤਰ੍ਹਾਂ ਦੀਆਂ ਉਭਰਦੀਆਂ ਤਕਨਾਲੋਜੀਆਂ ਵਿੱਚ ਇੱਕ ਵਿਸ਼ਵ ਨੇਤਾ ਬਣਨ ਦੀ ਉਮੀਦ ਵਿੱਚ ਇਸ ਸਕੀਮ ਦੀ ਘੋਸ਼ਣਾ ਕੀਤੀ ਸੀ ਅਤੇ ਉਮੀਦ ਹੈ ਕਿ ਇਹ ਅਮਰੀਕੀ ਤਕਨੀਕੀ ਦਿੱਗਜਾਂ ਵੱਲੋਂ ਵੱਡੇ ਪੱਧਰ ‘ਤੇ ਛਾਂਟੀ ਤੋਂ ਪ੍ਰਭਾਵਿਤ ਪੇਸ਼ੇਵਰਾਂ ਨੂੰ ਆਕਰਸ਼ਿਤ ਕਰ ਸਕਦੀ ਹੈ।
ਨਵੇਂ ਪ੍ਰੋਗਰਾਮ ਲਈ ਪ੍ਰਵਾਨਿਤ ਬਿਨੈਕਾਰਾਂ ਨੂੰ 3 ਸਾਲਾਂ ਤੱਕ ਦਾ ਓਪਨ ਵਰਕ ਪਰਮਿਟ ਮਿਲੇਗਾ, ਜਿਸਦਾ ਮਤਲਬ ਹੈ ਕਿ ਉਹ ਕੈਨੇਡਾ ਵਿੱਚ ਕਿਤੇ ਵੀ ਲਗਭਗ ਕਿਸੇ ਵੀ ਰੁਜ਼ਗਾਰਦਾਤਾ ਲਈ ਕੰਮ ਕਰਨ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਸਾਥੀ ਅਤੇ ਆਸ਼ਰਿਤ ਵੀ ਲੋੜ ਪੈਣ ‘ਤੇ ਵਰਕ ਜਾਂ ਅਧਿਐਨ ਪਰਮਿਟ ਦੇ ਨਾਲ ਅਸਥਾਈ ਨਿਵਾਸੀ ਵੀਜ਼ੇ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ।
ਮਹਾਂਮਾਰੀ ਦੇ ਦੌਰਾਨ ਤਕਨੀਕੀ ਕੰਪਨੀਆਂ ਨੇ ਕਾਫ਼ੀ ਭਰਤੀਆਂ ਕੀਤੀ ਸਨ ਪਰ ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨੌਕਰੀ ਤੋਂ ਕੱਢਣਾ ਸ਼ੁਰੂ ਕਰ ਦਿੱਤਾ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਰਿਪੋਰਟ ਦਿੱਤੀ ਕਿ ਇਸ ਨਾਲ ਬਹੁਤ ਸਾਰੇ H-1B ਵੀਜ਼ਾ ਧਾਰਕਾਂ ਨੂੰ ਅਮਰੀਕਾ ਛੱਡਣ ਲਈ ਮਜਬੂਰ ਹੋਣ ਤੋਂ ਪਹਿਲਾਂ ਨਵੀਆਂ ਨੌਕਰੀਆਂ ਲੱਭਣ ਲਈ ਭਟਕਣਾ ਪੈ ਰਿਹਾ ਹੈ।
ਗੂਗਲ, ਮਾਈਕ੍ਰੋਸਾਫਟ ਅਤੇ ਐਮਾਜ਼ਾਨ ਵਰਗੀਆਂ ਕੰਪਨੀਆਂ ਵਿੱਚ ਹਾਲ ਹੀ ਵਿੱਚ ਛਾਂਟੀ ਦੀ ਲੜੀ ਕਾਰਨ ਅਮਰੀਕਾ ਵਿੱਚ ਭਾਰਤੀਆਂ ਸਮੇਤ ਹਜ਼ਾਰਾਂ ਉੱਚ ਹੁਨਰਮੰਦ ਵਿਦੇਸ਼ੀ ਮੂਲ ਦੇ ਕਾਮਿਆਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ਅਮਰੀਕੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਪਿਛਲੇ ਸਾਲ ਨਵੰਬਰ ਤੋਂ ਲੈ ਕੇ ਹੁਣ ਤੱਕ ਲਗਭਗ 200,000 IT ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਉਦਯੋਗ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ 30 ਤੋਂ 40 ਫੀਸਦੀ ਭਾਰਤੀ IT ਪੇਸ਼ੇਵਰ ਹਨ। ਅਮਰੀਕੀ ਸਰਕਾਰ ਹਰ ਸਾਲ 65,000 H-1B ਵੀਜ਼ਾ ਜਾਰੀ ਕਰਦੀ ਹੈ। ਵੀਜ਼ਾ ਤਿੰਨ ਸਾਲਾਂ ਲਈ ਹੁੰਦਾ ਹੈ ਅਤੇ ਹੋਰ ਤਿੰਨ ਸਾਲਾਂ ਲਈ ਰੀਨਿਊ ਕੀਤਾ ਜਾ ਸਕਦਾ ਹੈ।
H-1B ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸ ‘ਤੇ ਨਿਰਭਰ ਕਰਦੀਆਂ ਹਨ।