Welcome to Perth Samachar
ਨਿਊ ਸਾਊਥ ਵੇਲਜ਼ ਦੇ 1.7 ਮਿਲੀਅਨ ਤੋਂ ਵੱਧ ਡਰਾਈਵਰ ਹੁਣ ਆਪਣੇ ਲਾਇਸੈਂਸ ਰਿਕਾਰਡ ਤੋਂ ਇੱਕ ਡੀਮੈਰਿਟ ਪੁਆਇੰਟ ਘਟਾ ਸਕਣਗੇ ਬਸ਼ਰਤੇ ਕਿ ਉਹ ਇਸ ਸਾਲ 17 ਜਨਵਰੀ ਤੋਂ ਅਗਲੇ ਸਾਲ 17 ਜਨਵਰੀ ਤੱਕ, ਪੂਰਾ ਇੱਕ ਸਾਲ ਸਾਫ਼-ਸੁਥਰਾ ਡਰਾਈਵਿੰਗ ਰਿਕਾਰਡ ਰੱਖਣ।
ਰਾਜ ਦੀਆਂ ਚੋਣਾਂ ਦੌਰਾਨ ਐਲਾਨਿਆ ਇਹ ਪਾਇਲਟ ਪ੍ਰੋਗਰਾਮ ਇਸ 1 ਜੁਲਾਈ ਨੂੰ ਸ਼ੁਰੂ ਹੋਣਾ ਸੀ, ਪਰ ਮਿਨਸ ਸਰਕਾਰ ਸਹੀ/ਸੁਰੱਖਿਅਤ ਡਰਾਈਵਰਾਂ ਨੂੰ ਜਲਦੀ ਇੱਕ ਡੀਮੈਰਿਟ ਪੁਆਇੰਟ ਘਟਾਉਣ ਦਾ ਮੌਕਾ ਦੇਣਾ ਚਾਹੁੰਦੀ ਹੈ।
12-ਮਹੀਨੇ ਦੇ ਇਸ ਟਰਾਇਲ ਤਹਿਤ, ਯੋਗ ਵਾਹਨ ਚਾਲਕ ਜਿਨ੍ਹਾਂ ਦੇ ਰਿਕਾਰਡ ‘ਤੇ 17 ਜਨਵਰੀ ਤੋਂ ਘੱਟੋ-ਘੱਟ ਇੱਕ ਡੀਮੈਰਿਟ ਪੁਆਇੰਟ ਹੈ ਪਰ 12 ਮਹੀਨਿਆਂ ਤੋਂ 17 ਜਨਵਰੀ, 2024 ਤੱਕ ਦੋਸ਼-ਮੁਕਤ ਰਹੇ, ਉਨ੍ਹਾਂ ਦੇ ਡਰਾਈਵਿੰਗ ਰਿਕਾਰਡ ਤੋਂ ਇੱਕ ਡੀਮੈਰਿਟ ਪੁਆਇੰਟ ਹਟਾ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਡਿਮੈਰਿਟ ਪੁਆਇੰਟ ਨੂੰ ਕੱਟਣ ਲਈ ਆਮ ਤੌਰ ‘ਤੇ ਤਿੰਨ ਸਾਲ ਲੱਗ ਜਾਂਦੇ ਹਨ। ਇਸ ਸਕੀਮ ਨੂੰ ਅੰਤਿਮ ਰੂਪ ਦੇਣ ਲਈ ਲਗਭਗ ਤਿੰਨ ਮਹੀਨੇ ਲੱਗਣ ਦੀ ਉਮੀਦ ਹੈ, ਇਸ ਲਈ ਯੋਗ ਡਰਾਈਵਰ ਅਪ੍ਰੈਲ 2024 ਦੇ ਅੱਧ ਤੋਂ ਆਪਣੇ ਰਿਕਾਰਡਾਂ ਵਿੱਚੋਂ ਇੱਕ ਡੀਮੈਰਿਟ ਪੁਆਇੰਟ ਨੂੰ ਹਟਾਇਆ ਵੇਖ ਸਕਣਗੇ।
‘ਲਰਨਰ’ ਅਤੇ ਅਸਥਾਈ ਲਾਇਸੰਸ ਧਾਰਕਾਂ ਨੂੰ ਇਸ ਟ੍ਰਾਇਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ ਕਿਉਂਕਿ ਉਹ ਗ੍ਰੈਜੂਏਟ ਲਾਇਸੰਸਿੰਗ ਸਕੀਮ ਦੀਆਂ ਸਖ਼ਤ ਸ਼ਰਤਾਂ ਦੇ ਅਧੀਨ ਹਨ।
ਨਿਊ ਸਾਊਥ ਵੇਲਜ਼ ਪ੍ਰੀਮੀਅਰ ਕ੍ਰਿਸ ਮਿਨਸ ਨੇ ਕਿਹਾ ਕਿ “ਸੜਕ ਦੇ ਟੋਲ ਨੂੰ ਘਟਾਉਣਾ ਅਤੇ ਰਾਜ ਭਰ ਵਿੱਚ ਸੁਰੱਖਿਅਤ ਡਰਾਈਵਿੰਗ ਨੂੰ ਸ਼ਾਬਾਸ਼ ਦੇਣਾ ਇਸ ਅਜ਼ਮਾਇਸ਼ ਦਾ ਉਦੇਸ਼ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਡਰਾਈਵਰਾਂ ਨੂੰ ਇੱਕ ਬੇਦਾਗ ਰਿਕਾਰਡ ਪ੍ਰਾਪਤ ਕਰਨ ਲਈ ਪ੍ਰੇਰਣਾ ਪ੍ਰਦਾਨ ਕਰੇਗਾ। ਇਹ ਸਮਾਂ ਹੈ ਕਿ ਅਸੀਂ ਸੁਰੱਖਿਆ ਨੂੰ ਵਾਪਸ ਆਪਣੇ ਸੜਕ ਨਿਯਮਾਂ ਦੇ ਕੇਂਦਰ ਵਿੱਚ ਰੱਖੀਏ, ਨਾ ਕਿ ਮਾਲੀਆ ਵਧਾਉਣ ਨੂੰ।”
“ਸਾਡਾ ਸੁਨੇਹਾ ਸਪਸ਼ਟ ਹੈ: ਸੁਰੱਖਿਅਤ ਢੰਗ ਨਾਲ ਗੱਡੀ ਚਲਾਓ ਅਤੇ ਤੁਹਾਨੂੰ ਤੁਹਾਡੇ ਲਾਇਸੈਂਸ ਤੋਂ ਇੱਕ ਡੀਮੈਰਿਟ ਪੁਆਇੰਟ ਘਟਾ ਦਿੱਤਾ ਜਾਵੇਗਾ। ਜਿੰਨੇ ਜ਼ਿਆਦਾ ਲੋਕ ਇਸ ਲਈ ਯੋਗ ਹੋਣਗੇ, ਸਾਡੀਆਂ ਸੜਕਾਂ ਓਨੀਆਂ ਹੀ ਸੁਰੱਖਿਅਤ ਹੋਣਗੀਆਂ।”