Welcome to Perth Samachar
Narendra Modi: ਪੀਐਮ ਮੋਦੀ ਨੇ ਵੀਰਵਾਰ ਨੂੰ ਉੱਚ ਪੱਧਰੀ ਬੈਠਕ ਕੀਤੀ। ਇਸ ਵਿੱਚ ਹੀਟ ਵੇਵ (ਲੂ), ਮਾਨਸੂਨ ਅਤੇ ਸਿਹਤ ਖੇਤਰ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੌਸਮ ਦੇ ਬਾਰੇ ‘ਚ IMD ਅਤੇ NDMA ਨੇ ਕਿਹਾ ਕਿ ਅਪ੍ਰੈਲ ਤੋਂ ਜੂਨ ਦੇ ਮਹੀਨਿਆਂ ‘ਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਦੋ ਮਹੀਨਿਆਂ ਵਿੱਚ ਦੇਸ਼ ਵਿੱਚ ਲੋਕ ਸਭਾ ਚੋਣਾਂ ਅਤੇ ਵੋਟਾਂ ਦੀ ਗਿਣਤੀ ਵੀ ਹੋਣੀ ਹੈ।
ਪ੍ਰਧਾਨ ਮੰਤਰੀ ਨੇ ਹੀਟ-ਵੇਵ ਅਤੇ ਮਾਨਸੂਨ ਦੇ ਮੱਦੇਨਜ਼ਰ ਕੇਂਦਰੀ ਅਤੇ ਰਾਜ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੱਤਾ।
ਪੀਐਮ ਮੋਦੀ ਨੇ ਅਧਿਕਾਰੀਆਂ ਨੂੰ ਹੀਟ-ਵੇਵ ਨਾਲ ਨਜਿੱਠਣ, ਹਸਪਤਾਲਾਂ ਦੀ ਤਿਆਰੀ ਬਰਕਰਾਰ ਰੱਖਣ ਅਤੇ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਿਹਤ ਮੰਤਰਾਲੇ ਅਤੇ ਐਨਡੀਐਮਏ ਦੀ ਸਲਾਹ ਦਾ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇ। ਇਸ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਜਾਗਰੂਕਤਾ ਦੇ ਦਿੱਤੇ ਨਿਰਦੇਸ਼
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਟੈਲੀਵਿਜ਼ਨ, ਰੇਡੀਓ ਅਤੇ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ਰਾਹੀਂ ਸਮੇਂ-ਸਮੇਂ ‘ਤੇ ਜਾਗਰੂਕਤਾ ਸਮੱਗਰੀ ਦਾ ਪ੍ਰਸਾਰ ਕੀਤਾ ਜਾਣਾ ਚਾਹੀਦਾ ਹੈ। ਕੇਂਦਰ, ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਸਾਰੇ ਮੰਤਰਾਲਿਆਂ ਨੂੰ ਇਸ ‘ਤੇ ਤਾਲਮੇਲ ਨਾਲ ਕੰਮ ਕਰਨ ਦੀ ਲੋੜ ਹੈ। ਅਧਿਕਾਰੀਆਂ ਨੇ ਮੀਟਿੰਗ ‘ਚ ਦੱਸਿਆ ਕਿ ਇਸ ਸਾਲ ਆਮ ਨਾਲੋਂ ਜ਼ਿਆਦਾ ਗਰਮੀ ਰਹਿਣ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਗਰਮੀਆਂ ਦੇ ਮੌਸਮ ਵਿੱਚ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪ੍ਰਧਾਨ ਮੰਤਰੀ ਨੇ ਇਸ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਹਨ। ਇਸ ਮੀਟਿੰਗ ਵਿੱਚ ਪੀਐਮ ਮੋਦੀ ਦੇ ਨਾਲ ਮੁੱਖ ਸਕੱਤਰ, ਗ੍ਰਹਿ ਸਕੱਤਰ, ਆਈਐਮਡੀ ਅਤੇ ਐਨਡੀਐਮਏ ਦੇ ਅਧਿਕਾਰੀਆਂ ਨੇ ਹਿੱਸਾ ਲਿਆ।