Welcome to Perth Samachar
ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਏ ਇਕ ਪੰਜਾਬੀ ਨੌਜਵਾਨ ਨੂੰ ਠੱਗੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊ ਯਾਰਕ ਦੇ ਗੇਟਸ ਕਸਬੇ ਵਿਚ ਇਕ ਸਟਿੰਗ ਅਪ੍ਰੇਸ਼ਨ ਦੌਰਾਨ 29 ਸਾਲ ਦਾ ਹਰਪ੍ਰੀਤ ਸਿੰਘ ਪੁਲਿਸ ਦੇ ਜਾਲ ਵਿਚ ਫਸਿਆ। ਗੇਟਸ ਪੁਲਿਸ ਦੇ ਮੁਖੀ ਰੌਬਰਟ ਲੌਂਗ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਕਥਿਤ ਤੌਰ ‘ਤੇ ਇਕ ਔਰਤ ਦੇ ਬੈਂਕ ਖਾਤੇ ਵਿਚੋਂ ਰਕਮ ਕਢਵਾਉਣ ਦਾ ਯਤਨ ਕੀਤਾ।
ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਔਰਤ ਨੂੰ ਇਕ ਈਮੇਲ ਆਈ ਕਿ ਉਸ ਦਾ ਨੈਟਫਲਿਕਸ ਅਕਾਊਂਟ ਜਲਦ ਖਤਮ ਹੋ ਰਿਹਾ ਹੈ।
ਈਮੇਲ ਵਿਚ ਦਰਸਾਏ ਨੰਬਰ ‘ਤੇ ਔਰਤ ਨੇ ਕਾਲ ਕੀਤੀ ਤਾਂ ਔਰਤ ਨੂੰ ਦੱਸਿਆ ਗਿਆ ਕਿ ਉਸ ਦੇ ਬੈਂਕ ਖਾਤੇ ਨਾਲ ਛੇੜਛਾੜਾ ਹੋਈ ਹੈ। ਫੋਨ ਸੁਣ ਰਹੇ ਸ਼ਖਸ ਨੇ ਔਰਤ ਨੂੰ ਯਕੀਨ ਦਿਵਾ ਦਿਤਾ ਕਿ ਉਸ ਦੀ ਕਾਲ ਬੈਂਕ ਵਾਲਿਆਂ ਨੂੰ ਟ੍ਰਾਂਸਫਰ ਕੀਤੀ ਜਾ ਰਹੀ ਹੈ। ਇਸ ਮਗਰੋਂ ਬੈਂਕ ਮੁਲਾਜ਼ਮ ਬਣ ਕੇ ਗੱਲ ਕਰ ਰਹੇ ਠੱਗ ਨੇ ਔਰਤ ਨੂੰ ਕਿਹਾ ਕਿ ਉਹ ਆਪਣੇ ਖਾਤੇ ਵਿਚੋਂ ਸਾਰੀ ਰਕਮ ਕਢਵਾ ਕੇ ਫੈਡਰਲ ਰਿਜ਼ਰਵ ਦੇ ਅਫਸਰ ਨੂੰ ਦੇ ਦੇਵੇ ਜੋ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਜਮ੍ਹਾਂ ਕਰਵਾ ਦੇਵੇਗਾ। ਇਹ ਗੱਲ ਸੁਣ ਕੇ ਔਰਤ ਦਾ ਮੱਥਾ ਠਣਕਿਆ ਤਾਂ ਉਸ ਨੇ ਪੁਲਿਸ ਨੂੰ ਫੋਨ ਕਰ ਦਿਤਾ। ਪੁਲਿਸ ਨੇ ਸ਼ੱਕੀ ਨੂੰ ਰੰਗੇ ਹੱਥੀਂ ਫੜਨ ਲਈ ਜਾਲ ਵਿਛਾਇਆ ਅਤੇ ਔਰਤ ਤੋਂ ਉਸ ਨੂੰ ਫੋਨ ਕਰਵਾ ਦਿਤਾ ਕਿ ਆ ਕੇ ਰਕਮ ਲੈ ਜਾਵੇ। ਕੁਝ ਦੇਰ ਬਾਅਦ ਇਕ ਗੱਡੀ ਆ ਕੇ ਔਰਤ ਦੇ ਘਰ ਦੇ ਬਾਹਰ ਰੁਕੀ ਅਤੇ ਇਕ ਸ਼ਖਸ ਉਤਰਿਆ ਜਿਸ ਨੇ ਆਪਣਾ ਚਿਹਰਾ ਢਕਿਆ ਹੋਇਆ ਸੀ।
ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੜਤਾਲ ਦੌਰਾਨ ਪਤਾ ਲੱਗਾ ਕਿਹਾ ਹਰਪ੍ਰੀਤ ਸਿੰਘ ਦੀ ਇੰਮੀਗ੍ਰੇਸ਼ਨ ਅਦਾਲਤ ਵਿਚ ਪੇਸ਼ੀ ਮਾਰਚ 2025 ਵਿਚ ਹੋਣੀ ਹੈ। ਰੌਬਰਟ ਲੌਂਗ ਨੇ ਹੈਰਾਨੀ ਜ਼ਾਹਰ ਕੀਤੀ ਕਿ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਐਨਾ ਲੰਮਾ ਸਮਾਂ ਕਿਉਂ ਦਿਤਾ ਜਾਂਦਾ ਹੈ। ਹੁਣ ਹਰਪ੍ਰੀਤ ਸਿੰਘ ਮੁੜ ਫੈਡਰਲ ਹਿਰਾਸਤ ਵਿਚ ਹੈ ਅਤੇ ਸੰਭਾਵਤ ਤੌਰ ‘ਤੇ ਅਪਰਾਧਕ ਸਰਗਰਮੀਆਂ ਵਿਚ ਸ਼ਾਮਲ ਹੋਣ ਕਾਰਨ ਉਸ ਨੂੰ ਸਿੱਧੇ ਤੌਰ ‘ਤੇ ਡਿਪੋਰਟ ਕੀਤਾ ਜਾ ਸਕਦਾ ਹੈ।